Saturday, May 23Punjabi People

ਤਲਵੰਡੀ ਸਾਬੋ: ਨਿਹੰਗ ਸਿੰਘਾਂ ਦੇ ਸ਼ਾਹੀ ਮਹੱਲੇ ਨਾਲ ਅੱਜ ਵਿਸਾਖੀ ਮੇਲੇ ਦਾ ਸਮਾਪਨ ਹੋਵੇਗਾ, ਗੁਰੂ ਦੀਆਂ ਲਾਡਲੀਆਂ ਫੌਜਾਂ ਆਪਣੇ ਜੌਹਰ ਵਿਖਾਉਣਗੀਆਂ

ਤਲਵੰਡੀ ਸਾਬੋ / ਚੰਡੀਗੜ੍ਹ, 15 ਅਪ੍ਰੈਲ 2026:    ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਵਿਸਾਖੀ ਦਾ ਜੋੜ ਮੇਲਾ ਅੱਜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢੇ ਜਾਣ ਵਾਲੇ ਸ਼ਾਹੀ ਮਹੱਲੇ ਨਾਲ ਸੰਪੰਨ ਹੋ ਜਾਵੇਗਾ।

ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਲੱਗੇ ਇਸ ਮੇਲੇ ਦੇ ਆਖਰੀ ਦਿਨ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਹੇਠ ਪੁਰਾਤਨ ਰਵਾਇਤਾਂ ਅਨੁਸਾਰ ਮਹੱਲਾ ਕੱਢਿਆ ਜਾਵੇਗਾ। ਇਹ ਮਹੱਲਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ, ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਇਤਿਹਾਸਕ ਨਿਸ਼ਾਨਾਂ ਅਤੇ ਨਿਗਾਰਿਆਂ ਦੀ ਛਤਰ ਛਾਇਆ ਹੇਠ ਨਿਕਲੇਗਾ।

ਮਹੱਲੇ ਦੀ ਸ਼ੁਰੂਆਤ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ (ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ) ਤੋਂ ਹੋਵੇਗੀ, ਜਿੱਥੇ ਸ੍ਰੀ ਦਸਮ ਗ੍ਰੰਥ ਜੀ ਅਤੇ ਸ੍ਰੀ ਸਰਬਲੋਹ ਗ੍ਰੰਥ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਤੋਂ ਬਾਅਦ ਮਹੱਲਾ ਤਖਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਜੰਡਸਰ ਅਤੇ ਗੁਰਦੁਆਰਾ ਮਹੱਲਸਰ ਸਾਹਿਬ ਵਿਖੇ ਮੱਥਾ ਟੇਕਦਾ ਹੋਇਆ ਅੱਗੇ ਵਧੇਗਾ ਅਤੇ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਨੇੜੇ ਮੈਦਾਨ ਵਿੱਚ ਪਹੁੰਚੇਗਾ।

ਇਸ ਮੌਕੇ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਮੁਖੀ ਜਿਵੇਂ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ, ਜਥੇਦਾਰ ਬਾਬਾ ਅਵਤਾਰ ਸਿੰਘ (ਤਰਨਾ ਦਲ), ਜਥੇਦਾਰ ਬਾਬਾ ਜੋਗਾ ਸਿੰਘ ਅਤੇ ਬਾਬਾ ਮੇਜਰ ਸਿੰਘ ਸੋਢੀ ਸਮੇਤ ਹੋਰ ਅਕਾਲੀ ਫੌਜਾਂ ਵੀ ਸ਼ਾਮਲ ਹੋਣਗੀਆਂ। ਇਹ ਫੌਜਾਂ ਰਵਾਇਤੀ ਸਿੱਖ ਬਾਣੇ, ਸ਼ਸਤਰਾਂ ਅਤੇ ਘੋੜਿਆਂ, ਹਾਥੀਆਂ ਤੇ ਊਠਾਂ ‘ਤੇ ਸਵਾਰ ਹੋ ਕੇ ਮਹੱਲੇ ਦੀ ਸ਼ੋਭਾ ਵਧਾਉਣਗੀਆਂ।

ਖੁੱਲ੍ਹੇ ਮੈਦਾਨ ਵਿੱਚ ਨਿਹੰਗ ਸਿੰਘਾਂ ਵੱਲੋਂ ਘੋੜ ਦੌੜਾਂ ਅਤੇ ਜੰਗਜੂ ਗੱਤਕੇ ਦੇ ਦਿਲਚਸਪ ਜੌਹਰ ਵੀ ਦਿਖਾਏ ਜਾਣਗੇ। ਇਹ ਮਹੱਲਾ ਹਰ ਸਾਲ ਵੱਡੀ ਗਿਣਤੀ ਸੰਗਤਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਦੇਖਣ ਯੋਗ ਦ੍ਰਿਸ਼ ਪੇਸ਼ ਕਰਦਾ ਹੈ। ਮਹੱਲੇ ਦੀ ਸਮਾਪਤੀ ਨਾਲ ਹੀ ਵਿਸਾਖੀ ਦਾ ਮੇਲਾ ਵੀ ਸੰਪੰਨ ਹੋ ਜਾਵੇਗਾ।

Leave a Reply

Your email address will not be published. Required fields are marked *