
ਚੰਡੀਗੜ੍ਹ / ਗੁਰਦਾਸਪੁਰ, 9 ਅਪ੍ਰੈਲ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਦੋਵੇਂ ਸ਼ਖਸਾਂ ਦੀ ਪਛਾਣ ਆਕਾਸ਼ ਮਸੀਹ ਅਤੇ ਜਬਲੌਨ ਵਜੋਂ ਹੋਈ ਹੈ, ਜੋ ਜ਼ਿਲ੍ਹਾ ਗੁਰਦਾਸਪੁਰ ਦੇ ਦੁੱਲਾ ਨੰਗਲ ਖੇਤਰ ਨਾਲ ਸਬੰਧਤ ਹਨ। ਦੋਵਾਂ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੌਰਾਨ ਵੱਡੀ ਮਾਤਰਾ ਵਿੱਚ ਖ਼ਤਰਨਾਕ ਸਮੱਗਰੀ ਬਰਾਮਦ ਹੋਈ ਹੈ, ਜਿਸ ਵਿੱਚ ਪੰਜ ਹੈਂਡ ਗ੍ਰਨੇਡ, ਦੋ ਵਿਸ਼ੇਸ਼ ਡੈਟੋਨੇਟਰ, ਕੋਡਰ-ਡੀਕੋਡਰ ਨਾਲ ਲੈਸ ਪੁਸ਼-ਟੂ-ਟਾਕ (ਪੀਟੀਟੀ) ਟਾਈਮਰ, 9 ਵੋਲਟ ਬੈਟਰੀ, ਲਗਭਗ 1 ਕਿਲੋਗ੍ਰਾਮ ਉੱਚ ਧਮਾਕੇਦਾਰ ਆਈਈਡੀ ਸਮੱਗਰੀ, ਕੇਬਲ ਅਤੇ ਟਰਿੱਗਰ ਵਾਲਾ ਬਾਓਫੇਂਗ ਵਾਕੀ-ਟਾਕੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਬਰਾਮਦਗੀ ਦਰਸਾਉਂਦੀ ਹੈ ਕਿ ਇਹ ਮਾਡਿਊਲ ਰਾਜ ਵਿੱਚ ਵੱਡੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ।
ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸੰਦੀਪ ਗੋਇਲ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਵਿਦੇਸ਼ ਬੈਠੇ ਹੈਂਡਲਰਾਂ ਵੱਲੋਂ ਚਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਦੇ ਨੈਟਵਰਕ, ਸਾਜ਼ਿਸ਼ ਅਤੇ ਸਥਾਨਕ ਸਹਾਇਕਾਂ ਦੀ ਪੂਰੀ ਜਾਣਕਾਰੀ ਲਈ ਜਾਂਚ ਜਾਰੀ ਹੈ।
ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਟੀ-ਪੁਆਇੰਟ ਜੋਗੋਵਾਲ ਬੇਦੀਆ ਨੇੜੇ ਕੀਤੀ ਗਈ ਖਾਸ ਚੈਕਿੰਗ ਦੌਰਾਨ ਪੁਲਿਸ ਨੇ ਇੱਕ ਮੋਟਰਸਾਈਕਲ ‘ਤੇ ਆ ਰਹੇ ਦੋ ਨੌਜਵਾਨਾਂ ਨੂੰ ਦੇਖਿਆ। ਪੁਲਿਸ ਨੂੰ ਵੇਖਦੇ ਹੀ ਉਨ੍ਹਾਂ ਨੇ ਯੂ-ਟਰਨ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਫੁਰਤੀ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਪਿਛੇ ਬੈਠੇ ਵਿਅਕਤੀ ਕੋਲ ਦੋ ਬੈਗ ਸਨ, ਜਿਨ੍ਹਾਂ ਨੂੰ ਕੱਪੜੇ ਨਾਲ ਢੱਕਿਆ ਗਿਆ ਸੀ। ਤਲਾਸ਼ੀ ਦੌਰਾਨ ਬੈਗਾਂ ਵਿੱਚੋਂ ਵਿਸਫੋਟਕ ਸਮੱਗਰੀ ਅਤੇ ਹੋਰ ਸੰਦ ਬਰਾਮਦ ਹੋਏ। ਇਸ ਤੋਂ ਬਾਅਦ ਫੋਰੈਂਸਿਕ ਅਤੇ ਬੰਬ ਨਿਰੋਧਕ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਸਮੱਗਰੀ ਨੂੰ ਸੁਰੱਖਿਅਤ ਤਰੀਕੇ ਨਾਲ ਬੇਅਸਰ ਕਰ ਦਿੱਤਾ।
ਇਸ ਮਾਮਲੇ ਵਿੱਚ ਥਾਣਾ ਕਲਾਨੌਰ, ਗੁਰਦਾਸਪੁਰ ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਅਤੇ 5 ਹੇਠ ਐਫਆਈਆਰ ਨੰਬਰ 45 ਮਿਤੀ 08/04/2026 ਦਰਜ ਕੀਤੀ ਗਈ ਹੈ।
