
ਲੁਧਿਆਣਾ, 8 ਅਪ੍ਰੈਲ 2026: ਵਿਦੇਸ਼ ਜਾਣ ਦੀ ਦੌੜ ਅਤੇ ਕੈਨੇਡਾ ਦੀ ਪੀ.ਆਰ. ਪ੍ਰਾਪਤ ਕਰਨ ਦੀ ਲਾਲਸਾ ਨਾਲ ਜੁੜੇ ਵਿਆਹੀ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿੱਚ ਦਰਜ ਹੋਇਆ ਹੈ, ਜਿੱਥੇ ਕਪੂਰਥਲਾ ਦੀ ਇੱਕ ਨੌਜਵਾਨ ਲੜਕੀ ਨੇ ਕੈਨੇਡਾ ਦੀ ਪੀ.ਆਰ. ਮਿਲਣ ਤੋਂ ਬਾਅਦ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਸਬੰਧ ਤੋੜ ਲਏ।
ਜਾਣਕਾਰੀ ਮੁਤਾਬਕ, ਕਪੂਰਥਲਾ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਲੁਧਿਆਣਾ ਵਿੱਚ ਲਗਭਗ ਦੋ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਉਹ ਆਪਣੇ ਪਤੀ ਨਾਲ ਕੈਨੇਡਾ ਚਲੀ ਗਈ, ਪਰ ਉੱਥੇ ਪੀ.ਆਰ. ਮਿਲਦੇ ਹੀ ਉਸ ਨੇ ਪਤੀ ਨੂੰ ਛੱਡ ਕੇ ਕਿਸੇ ਹੋਰ ਥਾਂ ਰਹਿਣਾ ਸ਼ੁਰੂ ਕਰ ਦਿੱਤਾ।
ਪਤੀ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੜਕੀ ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੇ ਆਪਣੇ ਮਾਪਿਆਂ ਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਲੁਧਿਆਣਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਲੜਕੀ ਨੇ ਸਿਰਫ਼ ਕੈਨੇਡਾ ਵਿੱਚ ਸੈਟਲ ਹੋਣ ਲਈ ਹੀ ਵਿਆਹ ਕੀਤਾ ਸੀ।
ਲੁਧਿਆਣਾ ਦੇ ਅਮਨ ਨਗਰ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪੁੱਤਰ ਮਾਨ ਸਿੰਘ ਕੈਨੇਡਾ ਦਾ ਪੱਕਾ ਨਿਵਾਸੀ ਹੈ ਅਤੇ ਉਸ ਦਾ ਵਿਆਹ 10 ਫਰਵਰੀ 2024 ਨੂੰ ਕਪੂਰਥਲਾ ਦੇ ਪਿੰਡ ਰੀਹਾਨਾ ਜੱਟਾਂ ਦੀ ਅਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮਾਨ ਸਿੰਘ ਆਪਣੀ ਪਤਨੀ ਨੂੰ ਕੈਨੇਡਾ ਲੈ ਗਿਆ, ਪਰ ਉੱਥੇ ਪੀ.ਆਰ. ਮਿਲਣ ਤੋਂ ਬਾਅਦ ਉਸ ਨੇ ਪਤੀ ਨੂੰ ਛੱਡ ਦਿੱਤਾ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੀ ਨੂੰਹ ਨੇ ਸਿਰਫ਼ ਵਿਦੇਸ਼ ਵਿੱਚ ਵਸਣ ਲਈ ਉਸਦੇ ਪੁੱਤਰ ਦਾ ਸਹਾਰਾ ਲਿਆ ਅਤੇ ਮਕਸਦ ਪੂਰਾ ਹੋਣ ‘ਤੇ ਉਸ ਨੂੰ ਤਿਆਗ ਦਿੱਤਾ।
ਪੁਲੀਸ ਨੇ ਜਾਂਚ ਤੋਂ ਬਾਅਦ ਅਮਨਦੀਪ ਕੌਰ, ਉਸਦੇ ਪਿਤਾ ਬਲਬੀਰ ਸਿੰਘ, ਜਸਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
