Saturday, May 23Punjabi People

ਪੰਜਾਬ: ਰਿਸ਼ਵਤ ਲੈਂਦਿਆਂ ਨਾਇਬ ਕੋਰਟ ਨੂੰ ਵਿਜੀਲੈਂਸ ਬਿਊਰੋ ਵੱਲੋਂ ਕੀਤਾ ਗਿਆ ਗ੍ਰਿਫ਼ਤਾਰ

ਚੰਡੀਗੜ੍ਹ, 04 ਅਪ੍ਰੈਲ 2026:  ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਲੁਧਿਆਣਾ ਦੀ ਇੱਕ ਅਦਾਲਤ ਵਿੱਚ ਤਾਇਨਾਤ ਨਾਇਬ ਕੋਰਟ (ਏਐਸਆਈ) ਤਰਲੋਚਨ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਨਕਦ ਰਕਮ ਦੇ ਨਾਲ ਨਾਲ ਦੋਸ਼ੀ ਵੱਲੋਂ ਇੱਕ ਮਸ਼ਹੂਰ ਬ੍ਰਾਂਡ ਦੇ ਜੁੱਤਿਆਂ ਦੀ ਜੋੜੀ ਦੀ ਵੀ ਮੰਗ ਕੀਤੀ ਗਈ ਸੀ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਇਹ ਕਾਰਵਾਈ ਚੰਡੀਗੜ੍ਹ ਰੋਡ, ਲੁਧਿਆਣਾ ਦੇ ਇੱਕ ਨਿਵਾਸੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਸ਼ਿਕਾਇਤਕਰਤਾ ਵਿਰੁੱਧ ਪਹਿਲਾਂ ਦਰਜ ਮਾਮਲੇ ਦੌਰਾਨ ਉਸਦਾ ਲਾਇਸੈਂਸੀ ਪਿਸਤੌਲ ਜ਼ਬਤ ਕੀਤਾ ਗਿਆ ਸੀ ਅਤੇ ਉਸਨੇ ਇਸਨੂੰ ਵਾਪਸ ਲੈਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਸੀ।

ਸ਼ਿਕਾਇਤ ਅਨੁਸਾਰ ਦੋਸ਼ੀ ਤਰਲੋਚਨ ਸਿੰਘ ਨੇ ਪਿਸਤੌਲ ਵਾਪਸ ਕਰਵਾਉਣ ਵਿੱਚ ਮਦਦ ਦੇ ਬਦਲੇ 10,000 ਰੁਪਏ ਅਤੇ ‘ਸਕੇਚਰਜ਼’ ਬ੍ਰਾਂਡ ਦੇ ਜੁੱਤੇ ਮੰਗੇ। ਸ਼ਿਕਾਇਤਕਰਤਾ ਨੇ ਦੋਸ਼ੀ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰਕੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ।

ਪ੍ਰਾਰੰਭਿਕ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਬਿਛਾਇਆ ਅਤੇ ਜਦੋਂ ਸ਼ਿਕਾਇਤਕਰਤਾ ਨੇ ਦੋਸ਼ੀ ਨੂੰ 10,000 ਰੁਪਏ ਅਤੇ ਜੁੱਤੇ ਸੌਂਪੇ, ਤਦ ਉਸਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਤੁਰੰਤ ਕਾਬੂ ਕਰ ਲਿਆ ਗਿਆ।

ਇਸ ਮਾਮਲੇ ਵਿੱਚ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਲੁਧਿਆਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਦੋਸ਼ੀ ਪਹਿਲਾਂ ਵੀ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ।

Leave a Reply

Your email address will not be published. Required fields are marked *