
ਚੰਡੀਗੜ੍ਹ/ਲਹਿਰਾਗਾਗਾ, 27 ਮਾਰਚ 2026: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਲਹਿਰਾਗਾਗਾ ਲਈ ਤਕਰੀਬਨ 20.16 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖ ਕੇ ਇਸ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਸਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਇਮਾਰਤ ਨਾਲ ਵਿਦਿਆਰਥਣਾਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਪ੍ਰੇਰਣਾਦਾਇਕ ਪੜ੍ਹਾਈ ਦਾ ਮਾਹੌਲ ਮਿਲੇਗਾ, ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਮਦਦਗਾਰ ਸਾਬਤ ਹੋਵੇਗਾ।
ਮੰਤਰੀ ਨੇ ਇਹ ਵੀ ਉਲੇਖ ਕੀਤਾ ਕਿ ਪਹਿਲਾਂ ਸਕੂਲ ਵਿੱਚ ਥਾਂ ਦੀ ਘਾਟ ਸੀ ਅਤੇ ਮੌਜੂਦਾ ਇਮਾਰਤ ਦੇ ਕਈ ਹਿੱਸੇ ਅਸੁਰੱਖਿਅਤ ਹੋ ਚੁੱਕੇ ਸਨ, ਜਿਸ ਕਾਰਨ ਵਿਦਿਆਰਥਣਾਂ ਅਤੇ ਸਟਾਫ ਨੂੰ ਦਿੱਕਤਾਂ ਆ ਰਹੀਆਂ ਸਨ। ਹੁਣ ਨਵੀਂ ਇਮਾਰਤ ਨੂੰ ਆਧੁਨਿਕ ਡਿਜ਼ਾਇਨ ਅਨੁਸਾਰ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਖੁੱਲ੍ਹੇ ਕਲਾਸਰੂਮ, ਵਧੀਆ ਰੋਸ਼ਨੀ ਅਤੇ ਹਵਾ ਦੀ ਸਹੂਲਤ, ਭੂਚਾਲ ਰੋਧਕ ਢਾਂਚਾ ਅਤੇ ਵਿਦਿਆਰਥੀ-ਕੇਂਦਰਿਤ ਵਾਤਾਵਰਣ ਨੂੰ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਪ੍ਰੋਜੈਕਟ ਲਗਭਗ 7 ਤੋਂ 8 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ ਅਤੇ ਇਲਾਕੇ ਨੂੰ ਇੱਕ ਮਾਡਲ ਸਕੂਲ ਮਿਲੇਗਾ।
ਉਨ੍ਹਾਂ ਅੱਗੇ ਕਿਹਾ ਕਿ ਨਵੀਂ ਇਮਾਰਤ ਦੇ ਤਿਆਰ ਹੋਣ ਤੋਂ ਬਾਅਦ ਸਕੂਲ ਵਿੱਚ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਵਿਸ਼ਿਆਂ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਇਲਾਕੇ ਦੀਆਂ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਲਈ ਦੂਰ ਨਹੀਂ ਜਾਣਾ ਪਵੇਗਾ ਅਤੇ ਉਹਨਾਂ ਨੂੰ ਨੇੜੇ ਹੀ ਵਧੀਆ ਸਿੱਖਿਆ ਦੇ ਮੌਕੇ ਮਿਲਣਗੇ।
ਇਸ ਪ੍ਰੋਜੈਕਟ ਤਹਿਤ ਵਿਗਿਆਨ ਅਤੇ ਕੰਪਿਊਟਰ ਲੈਬ, ਆਧੁਨਿਕ ਲਾਇਬ੍ਰੇਰੀ, ਸਮਾਰਟ ਕਲਾਸਰੂਮ, ਖੇਡਾਂ ਦੀਆਂ ਸਹੂਲਤਾਂ ਅਤੇ ਸੁਚੱਜੇ ਸੈਨਿਟੇਸ਼ਨ ਪ੍ਰਬੰਧ ਉਪਲਬਧ ਕਰਵਾਏ ਜਾਣਗੇ। ਨਾਲ ਹੀ ਵਿਦਿਆਰਥਣਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਅਤੇ ਹੋਰ ਲਾਜ਼ਮੀ ਉਪਾਇ ਵੀ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਗੁਣਵੱਤਾ ਸੁਧਾਰ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ, ਤਾਂ ਜੋ ਹਰ ਵਰਗ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆ ਰਹੇ ਬਦਲਾਅ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਸਿੱਖਿਆ ਖੇਤਰ ਵਿੱਚ ਦੂਰਦਰਸ਼ੀ ਅਤੇ ਪ੍ਰਭਾਵਸ਼ਾਲੀ ਫੈਸਲੇ ਲੈ ਰਹੀ ਹੈ।
ਇਸ ਮੌਕੇ ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਅਤੇ ਸਕੂਲ ਦੀ ਸਾਬਕਾ ਪ੍ਰਿੰਸੀਪਲ ਸ੍ਰੀਮਤੀ ਕਾਂਤਾ ਗੋਇਲ, ਐਸ.ਡੀ.ਐਮ. ਰਾਕੇਸ਼ ਪ੍ਰਕਾਸ਼ ਸਿੰਘ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲ ਸਟਾਫ, ਵਿਦਿਆਰਥੀ ਅਤੇ ਇਲਾਕੇ ਦੇ ਮਾਣਯੋਗ ਵਿਅਕਤੀ ਹਾਜ਼ਰ ਸਨ।
