
ਨਵੀਂ ਦਿੱਲੀ 19 ਮਾਰਚ 2026: ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਦਾ ਵੀਜ਼ਾ ਅਪਲਾਈ ਕਰਨ ਲਈ 15,000 ਅਮਰੀਕੀ ਡਾਲਰ ਤੱਕ ਦਾ ਬਾਂਡ ਜਮ੍ਹਾਂ ਕਰਵਾਉਣਾ ਪੈਂਦਾ ਹੈ। ਹੁਣ ਅਮਰੀਕਾ ਨੇ ਇਸ ਸੂਚੀ ਵਿੱਚ ਹੋਰ 12 ਦੇਸ਼ਾਂ ਨੂੰ ਵੀ ਸ਼ਾਮਲ ਕਰ ਲਿਆ ਹੈ। ਵਿਦੇਸ਼ ਵਿਭਾਗ ਵੱਲੋਂ ਬੁੱਧਵਾਰ ਨੂੰ ਵੈੱਬਸਾਈਟ ‘ਤੇ ਜਾਰੀ ਕੀਤੇ ਗਏ ਨੋਟਿਸ ਮੁਤਾਬਕ, ਇਹ ਨਵੇਂ ਨਿਯਮ 2 ਅਪ੍ਰੈਲ ਤੋਂ ਲਾਗੂ ਹੋਣਗੇ।
ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਇਹ ਕਦਮ ਉਹਨਾਂ ਦੇਸ਼ਾਂ ਦੀ ਸੂਚੀ ਵਧਾਉਣ ਲਈ ਚੁੱਕਿਆ ਗਿਆ ਹੈ ਜਿਨ੍ਹਾਂ ਦੇ ਨਾਗਰਿਕਾਂ ਨੂੰ ਵੀਜ਼ਾ ਅਰਜ਼ੀ ਦੇ ਸਮੇਂ ਸੁਰੱਖਿਆ ਬਾਂਡ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਨਵੀਂ ਸ਼ਾਮਲ ਕੀਤੀਆਂ ਗਈਆਂ 12 ਦੇਸ਼ਾਂ ਵਿੱਚ ਕੰਬੋਡੀਆ, ਇਥੋਪੀਆ, ਜਾਰਜੀਆ, ਗ੍ਰੇਨਾਡਾ, ਲੇਸੋਥੋ, ਮਾਰੀਸ਼ਸ, ਮੰਗੋਲੀਆ, ਮੋਜ਼ਾਮਬੀਕ, ਨਿਕਾਰਾਗੁਆ, ਪਾਪੂਆ ਨਿਊ ਗਿਨੀ, ਸੇਸ਼ੇਲਸ ਅਤੇ ਟਿਊਨੀਸ਼ੀਆ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਧਾਰਕਾਂ ਨੂੰ ਇਹ ਬਾਂਡ ਜਮ੍ਹਾਂ ਕਰਵਾਉਣਾ ਪਵੇਗਾ।
ਜੇਕਰ ਕਿਸੇ ਦੀ ਵੀਜ਼ਾ ਅਰਜ਼ੀ ਰੱਦ ਹੋ ਜਾਂਦੀ ਹੈ ਜਾਂ ਵੀਜ਼ਾ ਮਿਲਣ ਤੋਂ ਬਾਅਦ ਉਹ ਵਿਅਕਤੀ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਦਾ ਹੈ, ਤਾਂ ਇਹ ਬਾਂਡ ਵਾਪਸ ਕਰ ਦਿੱਤਾ ਜਾਵੇਗਾ।
2 ਅਪ੍ਰੈਲ ਤੋਂ ਬਾਅਦ ਕੁੱਲ ਕਰਕੇ 50 ਦੇਸ਼ ਇਸ ਸੂਚੀ ਵਿੱਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਦੇ ਨਾਗਰਿਕਾਂ ਲਈ ਇਹ ਬਾਂਡ ਲਾਜ਼ਮੀ ਹੋਵੇਗਾ। ਇਹ ਨਿਯਮ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਕਾਬੂ ਪਾਉਣ ਲਈ ਲਿਆਂਦਾ ਗਿਆ ਸੀ।
