
ਨਵੀਂ ਦਿੱਲੀ, 13 ਮਾਰਚ 2026: ਨਾਸਾ ਨੇ ਆਪਣੇ ਆਰਟੇਮਿਸ–2 (Artemis-II) ਮਿਸ਼ਨ ਲਈ ਨਵਾਂ ਲਾਂਚ ਸ਼ਡਿਊਲ ਜਾਰੀ ਕੀਤਾ ਹੈ। ਏਜੰਸੀ ਮੁਤਾਬਕ ਇਹ ਮਿਸ਼ਨ ਹੁਣ 1 ਅਪ੍ਰੈਲ ਨੂੰ ਲਾਂਚ ਕਰਨ ਦੀ ਯੋਜਨਾ ਹੈ। ਨਾਸਾ ਦੀ ਸੀਨੀਅਰ ਅਧਿਕਾਰੀ ਲੋਰੀ ਗਲੇਜ਼ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਟੀਮ ਇਸ ਤਾਰੀਖ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮਿਸ਼ਨ ਨਾਲ ਸੰਬੰਧਤ ਸਾਰੀਆਂ ਤਿਆਰੀਆਂ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਇੱਕ ਟੈਸਟ ਉਡਾਣ ਹੋਣ ਕਰਕੇ ਇਸ ਵਿੱਚ ਕੁਝ ਜੋਖ਼ਮ ਹੋ ਸਕਦੇ ਹਨ, ਪਰ ਟੀਮ ਅਤੇ ਤਕਨੀਕੀ ਉਪਕਰਨ ਪੂਰੀ ਤਰ੍ਹਾਂ ਤਿਆਰ ਹਨ। ਨਾਸਾ ਦੇ ਅਨੁਸਾਰ 1 ਅਪ੍ਰੈਲ ਤੋਂ ਬਾਅਦ ਛੇ ਦਿਨਾਂ ਦੇ ਅੰਦਰ ਲਾਂਚ ਲਈ ਚਾਰ ਵੱਖ-ਵੱਖ ਮੌਕੇ ਹੋ ਸਕਦੇ ਹਨ।
ਪਹਿਲੀ ਲਾਂਚ ਵਿੰਡੋ 1 ਅਪ੍ਰੈਲ ਨੂੰ ਸ਼ਾਮ 6 ਵਜੇ 24 ਮਿੰਟ ‘ਤੇ ਖੁੱਲ੍ਹੇਗੀ। ਇਹ ਮਿਸ਼ਨ 50 ਸਾਲ ਤੋਂ ਵੱਧ ਸਮੇਂ ਬਾਅਦ ਚੰਦ ਦੇ ਨੇੜੇ ਜਾਣ ਵਾਲਾ ਪਹਿਲਾ ਮਾਨਵ ਮਿਸ਼ਨ ਹੋਵੇਗਾ।
ਪਹਿਲਾਂ ਫਰਵਰੀ ਵਿੱਚ ਹੋਣਾ ਸੀ ਲਾਂਚ
ਸ਼ੁਰੂਆਤ ਵਿੱਚ ਇਸ ਮਿਸ਼ਨ ਨੂੰ ਫਰਵਰੀ ਵਿੱਚ ਲਾਂਚ ਕਰਨ ਦੀ ਯੋਜਨਾ ਸੀ, ਪਰ ਬਾਅਦ ਵਿੱਚ ਨਾਸਾ ਨੇ ਇਸ ਦਾ ਸਮਾਂ ਬਦਲ ਦਿੱਤਾ। ਏਜੰਸੀ ਨੇ ਦੱਸਿਆ ਕਿ ਭਵਿੱਖ ਵਿੱਚ ਚੰਦ ‘ਤੇ ਲੈਂਡਿੰਗ ਤੋਂ ਪਹਿਲਾਂ ਇੱਕ ਵਾਧੂ ਟੈਸਟ ਮਿਸ਼ਨ ਸ਼ਾਮਲ ਕੀਤਾ ਗਿਆ ਹੈ। ਸ਼ੁਰੂਆਤੀ ਦੇਰੀ ਦਾ ਕਾਰਨ ਕੁਝ ਤਕਨੀਕੀ ਚੁਣੌਤੀਆਂ ਦੱਸੀਆਂ ਗਈਆਂ ਸਨ।
ਚਾਰ ਪੁਲਾੜ ਯਾਤਰੀ ਲੈਣਗੇ ਹਿੱਸਾ
ਆਰਟੇਮਿਸ-2 ਮਿਸ਼ਨ ਵਿੱਚ ਚਾਰ ਪੁਲਾੜ ਯਾਤਰੀ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਤਿੰਨ ਅਮਰੀਕੀ ਪੁਲਾੜ ਯਾਤਰੀ—ਰੀਡ ਵਾਈਸਮੈਨ, ਵਿਕਟਰ ਗਲੋਵਰ ਅਤੇ ਕ੍ਰਿਸਟੀਨਾ ਕੋਚ—ਸ਼ਾਮਲ ਹਨ, ਜਦਕਿ ਚੌਥੇ ਪੁਲਾੜ ਯਾਤਰੀ ਕੈਨੇਡਾ ਦੇ ਜੇਰੇਮੀ ਹੈਨਸਨ ਹਨ। ਇਹ ਮਿਸ਼ਨ ਚੰਦ ਦੇ ਆਲੇ-ਦੁਆਲੇ ਚੱਕਰ ਲਗਾਏਗਾ, ਪਰ ਉੱਥੇ ਉਤਰਣ ਦੀ ਯੋਜਨਾ ਨਹੀਂ ਹੈ।
ਨਾਸਾ ਮੁਤਾਬਕ ਲਾਂਚ ਤੋਂ ਬਾਅਦ ਪੁਲਾੜ ਯਾਨ ਪਹਿਲਾਂ ਧਰਤੀ ਦੇ ਕੱਖ (orbit) ਵਿੱਚ ਘੁੰਮੇਗਾ, ਫਿਰ ਚੰਦ ਵੱਲ ਰਵਾਨਾ ਹੋਵੇਗਾ। ਚੰਦ ਦੇ ਨੇੜੇ ਪਹੁੰਚ ਕੇ ਇਹ ਉਸ ਦੇ ਆਲੇ-ਦੁਆਲੇ ਚੱਕਰ ਲਗਾਉਂਦਾ ਹੋਇਆ ਮੁੜ ਧਰਤੀ ਵੱਲ ਵਾਪਸੀ ਕਰੇਗਾ ਅਤੇ ਆਖਿਰ ਵਿੱਚ ਸਮੁੰਦਰ ਵਿੱਚ ਉਤਰ ਕੇ ਮਿਸ਼ਨ ਪੂਰਾ ਕੀਤਾ ਜਾਵੇਗਾ।
ਅਗਲਾ ਟੀਚਾ—ਚੰਦ ‘ਤੇ ਮਾਨਵ ਲੈਂਡਿੰਗ
ਆਰਟੇਮਿਸ ਪ੍ਰੋਗਰਾਮ ਦਾ ਅਗਲਾ ਮਿਸ਼ਨ ਆਰਟੇਮਿਸ-3 (Artemis-III) ਹੋਵੇਗਾ, ਜਿਸਦਾ ਮਕਸਦ ਚੰਦ ‘ਤੇ ਮਨੁੱਖੀ ਲੈਂਡਿੰਗ ਕਰਵਾਉਣਾ ਹੈ। ਇਸ ਮਿਸ਼ਨ ਤਹਿਤ ਧਰਤੀ ਦੇ ਹੇਠਲੇ ਕੱਖ ਵਿੱਚ ਇੱਕ ਲੂਨਰ ਲੈਂਡਰ ਨਾਲ ਪੁਲਾੜ ਯਾਨ ਨੂੰ ਜੋੜਿਆ ਜਾਵੇਗਾ। ਨਾਸਾ ਦੀ ਯੋਜਨਾ ਅਨੁਸਾਰ ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ 2028 ਦੀ ਸ਼ੁਰੂਆਤ ਤੱਕ ਚੰਦ ‘ਤੇ ਮਨੁੱਖੀ ਉਤਰਾਈ ਦਾ ਟੀਚਾ ਰੱਖਿਆ ਗਿਆ ਹੈ।
ਇਹ ਯੋਜਨਾ ਉਸ ਅਭਿਆਨ ਦਾ ਹਿੱਸਾ ਹੈ ਜਿਸਦਾ ਮਕਸਦ ਅਮਰੀਕਾ ਵੱਲੋਂ ਮੁੜ ਮਨੁੱਖਾਂ ਨੂੰ ਚੰਦ ‘ਤੇ ਭੇਜਣਾ ਹੈ।
