
ਐਸ.ਏ.ਐਸ. ਨਗਰ/ਚੰਡੀਗੜ੍ਹ, 13 ਮਾਰਚ 2026: ਪਲਾਕਸ਼ਾ ਯੂਨੀਵਰਸਿਟੀ ਵਿੱਚ ਅੱਜ ਸ਼ੁਰੂ ਹੋਏ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ–2026 ਦੌਰਾਨ ਗਲੋਬਲ ਨੈੱਟਵਰਕ ਜਾਪਾਨ ਕੰਪਨੀ ਲਿਮਟਿਡ ਨੇ ਸੂਬੇ ਵਿੱਚ ਸਾਫ਼ ਅਤੇ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਭਾਈਵਾਲੀ ਕਰਨ ਦੀ ਇੱਛਾ ਜਤਾਈ ਹੈ।
ਕੰਪਨੀ ਦੇ ਡਾ. ਰੋਹਿਤ ਬਖਸ਼ੀ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਕਿਸਾਨਾਂ ਤੋਂ ਸਿੱਧੇ ਤੌਰ ‘ਤੇ ਝੋਨਾ ਖਰੀਦ ਕੇ ਉਸਦੀ ਫਸਲੀ ਰਹਿੰਦ-ਖੂੰਹਦ ਤੋਂ ਈਥਾਨੋਲ ਤਿਆਰ ਕਰਨਾ ਹੈ। ਇਹ ਪ੍ਰਕਿਰਿਆ ਵਾਤਾਵਰਣ ਅਨੁਕੂਲ ਅਤੇ ਨਵਿਆਉਣਯੋਗ ਊਰਜਾ ਦਾ ਮਹੱਤਵਪੂਰਨ ਸਰੋਤ ਸਾਬਤ ਹੋ ਸਕਦੀ ਹੈ। ਇਸ ਰਾਹੀਂ ਫਸਲੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਵੀ ਸੰਭਵ ਬਣੇਗਾ। ਉਨ੍ਹਾਂ ਕਿਹਾ ਕਿ ਇਸ ਪਹਲ ਦਾ ਮਕਸਦ ਗਰੀਨ ਐਨਰਜੀ ਨੂੰ ਵਧਾਵਾ ਦੇਣਾ ਅਤੇ ਕਚਰੇ ਤੋਂ ਅਜਿਹੇ ਕੀਮਤੀ ਉਤਪਾਦ ਤਿਆਰ ਕਰਨਾ ਹੈ ਜੋ ਆਰਥਿਕਤਾ ਨੂੰ ਮਜ਼ਬੂਤੀ ਦੇਣ ਵਿੱਚ ਸਹਾਇਕ ਹੋਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਰ ਸਾਲ ਲਗਭਗ 20 ਕਰੋੜ ਟਨ ਫਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ ਅਤੇ ਜੇ ਇਸਦਾ ਸਹੀ ਢੰਗ ਨਾਲ ਰੀਸਾਈਕਲ ਕੀਤਾ ਜਾਵੇ ਤਾਂ ਇਹ ਗਰੀਨ ਐਨਰਜੀ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਡਾ. ਬਖਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਕੰਮ ਕਰਨ ਦਾ ਤਜਰਬਾ ਕਾਫ਼ੀ ਸਕਾਰਾਤਮਕ ਰਿਹਾ ਹੈ, ਕਿਉਂਕਿ ਸਰਕਾਰ ਵੱਲੋਂ ਹਰ ਪੜਾਅ ‘ਤੇ ਉਨ੍ਹਾਂ ਨੂੰ ਪੂਰਾ ਮਾਰਗਦਰਸ਼ਨ ਅਤੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਕੰਪਨੀ ਸਰਕਾਰ ਨਾਲ ਸਮਝੌਤੇ ਦੇ ਅੰਤਿਮ ਪੜਾਅ ਵਿੱਚ ਹੈ ਅਤੇ ਸ਼ੁਰੂਆਤੀ ਤੌਰ ‘ਤੇ ਕਰੀਬ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਇੱਕ ਪਲਾਂਟ ਸਥਾਪਤ ਕਰਨ ਦੀ ਯੋਜਨਾ ਹੈ। ਇਸ ਪ੍ਰੋਜੈਕਟ ਲਈ ਲਗਭਗ 20 ਏਕੜ ਜ਼ਮੀਨ ਦੀ ਲੋੜ ਪਵੇਗੀ।
ਇਸ ਮੌਕੇ ਕੰਪਨੀ ਦੇ ਸੀਈਓ ਮੋਬੂਟੋਕੀ ਇਟੋ, ਮਾਸਾਹਿਰੋ ਸੈਤੋ, ਡਾ. ਮਨਪ੍ਰੀਤ ਸਿੰਘ, ਡਾ. ਰੋਹਿਤ ਬਖਸ਼ੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
