Saturday, May 23Punjabi People

ਅੰਮ੍ਰਿਤਸਰ ਵਿੱਚ ਤਿੰਨ ਦਿਨਾਂ ਦੇ ਰੰਗਲਾ ਪੰਜਾਬ ਉਤਸਵ ਦੀ ਸ਼ੁਰੂਆਤ ਪੂਰੀ ਰੌਣਕ ਅਤੇ ਧੂਮਧਾਮ ਨਾਲ ਹੋਈ

ਚੰਡੀਗੜ੍ਹ/ਅੰਮ੍ਰਿਤਸਰ, 27 ਫਰਵਰੀ 2026: ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਮੈਦਾਨ ਵਿੱਚ ਆਯੋਜਿਤ ਤਿੰਨ ਦਿਨਾਂ ਦਾ ‘ਰੰਗਲਾ ਪੰਜਾਬ ਉਤਸਵ’ ਅੱਜ ਸ਼ਾਨਦਾਰ ਢੰਗ ਨਾਲ ਆਰੰਭ ਹੋ ਗਿਆ। ਇਸ ਉਤਸਵ ਦਾ ਉਦਘਾਟਨ ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਵਿਧਾਇਕਾ ਜੀਵਨਜੋਤ ਕੌਰ (ਅੰਮ੍ਰਿਤਸਰ ਪੂਰਬੀ), ਵਿਧਾਇਕ ਡਾ. ਜਸਬੀਰ ਸਿੰਘ ਸੰਧੂ (ਅੰਮ੍ਰਿਤਸਰ ਪੱਛਮੀ), ਪਨਸਪ ਦੇ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਵਾਇਸ ਚੇਅਰਮੈਨ ਜਸਕਰਨ ਸਿੰਘ ਬੰਦੇਸਾ, ਟੂਰਿਜ਼ਮ ਵਿਭਾਗ ਦੇ ਡਾਇਰੈਕਟਰ ਸੰਜੀਵ ਕੁਮਾਰ ਤਿਵਾੜੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰ ਪਾਲ ਸਿੰਘ, ਐੱਸ.ਡੀ.ਐੱਮ. ਅਲਕਾ ਕਾਲੀਆ ਸਮੇਤ ਹੋਰ ਅਧਿਕਾਰੀ ਅਤੇ ਸ਼ਖਸੀਅਤਾਂ ਹਾਜ਼ਰ ਸਨ।

ਉਦਘਾਟਨੀ ਸਮਾਰੋਹ ਦੌਰਾਨ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਸ ਉਤਸਵ ਦਾ ਮੁੱਖ ਉਦੇਸ਼ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ, ਰਵਾਇਤੀ ਰਹਿਣ-ਸਹਿਣ ਅਤੇ ਵਿਲੱਖਣ ਖਾਣ-ਪੀਣ ਨੂੰ ਵਿਸ਼ਵ ਪੱਧਰ ’ਤੇ ਉਭਾਰਨਾ ਹੈ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਉਤਸਵ ਵਿੱਚ ਪੰਜਾਬੀ ਸੱਭਿਆਚਾਰ ਦੇ ਹਰ ਰੰਗ ਦੀ ਝਲਕ ਮਿਲਦੀ ਹੈ। ਪੰਜਾਬ ਦੀ ਧਰਤੀ ਆਪਣੀਆਂ ਲੋਕ ਕਲਾਵਾਂ, ਭੰਗੜਾ-ਗਿੱਧਾ ਵਰਗੇ ਨਾਚਾਂ, ਮਿੱਠੀ ਬੋਲੀ ਅਤੇ ਮਹਿਮਾਨਨਵਾਜ਼ੀ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸੂਬੇ ਦੇ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਹੈ। ਨੌਜਵਾਨ ਪੀੜ੍ਹੀ ਨੂੰ ਆਪਣੇ ਰਵਾਇਤੀ ਮੂਲਾਂ ਨਾਲ ਜੋੜਨ ਲਈ ਅਜਿਹੇ ਉਤਸਵ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਸਮੇਤ ਇਸ ਉਤਸਵ ਵਿੱਚ ਸ਼ਾਮਿਲ ਹੋ ਕੇ ਪੰਜਾਬੀ ਰੰਗਤ ਦਾ ਆਨੰਦ ਮਾਣਣ।

ਟੂਰਿਜ਼ਮ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਨੇ ਦੱਸਿਆ ਕਿ ਇਹ ਉਤਸਵ 1 ਮਾਰਚ 2026 ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਤਸਵ ਦੌਰਾਨ ਕਰਾਫਟ ਬਜ਼ਾਰ ਵਿੱਚ ਰਵਾਇਤੀ ਹਸਤਕਲਾਵਾਂ ਅਤੇ ਪੰਜਾਬੀ ਸਮਾਨ ਦੇ ਸਟਾਲ ਲਗਾਏ ਗਏ ਹਨ, ਜਦਕਿ ਫੂਡ ਕੋਰਟ ਵਿੱਚ 30 ਵੱਖ-ਵੱਖ ਪਕਵਾਨਾਂ ਦੇ ਸਟਾਲ ਲੋਕਾਂ ਲਈ ਖਾਸ ਆਕਰਸ਼ਣ ਹਨ। ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਝੂਲੇ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਵੱਲੋਂ ਵੀ ਆਪਣੇ ਸਟਾਲ ਲਗਾ ਕੇ ਲੋਕ-ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਹੋਰ ਦੱਸਿਆ ਕਿ ਹਰ ਸ਼ਾਮ ਪ੍ਰਸਿੱਧ ਪੰਜਾਬੀ ਗਾਇਕਾਂ ਵੱਲੋਂ ਖੁੱਲ੍ਹੇ ਅਖਾੜੇ ਵਿੱਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਪਹਿਲੇ ਦਿਨ ਵਿਰਾਸਤ ਸੰਧੂ, ਜਸਪਿੰਦਰ ਨਰੂਲਾ ਅਤੇ ਜੈਜੀ ਬੀ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਮੋਹਿਆ। ਦੂਜੇ ਦਿਨ ਮੀਤ ਕੌਰ, ਕੌਰ ਬੀ ਅਤੇ ਕੁਲਵਿੰਦਰ ਬਿੱਲਾ ਪ੍ਰਸਤੁਤੀ ਦੇਣਗੇ, ਜਦਕਿ ਆਖਰੀ ਦਿਨ ਹਰਜੀਤ ਹਰਮਨ, ਬਾਣੀ ਸੰਧੂ ਅਤੇ ਮਨਮੋਹਨ ਵਾਰਿਸ ਰੰਗ ਬੰਨ੍ਹਣਗੇ।

28 ਫਰਵਰੀ ਅਤੇ 1 ਮਾਰਚ ਨੂੰ ਸ਼ਾਮ ਵੇਲੇ ਡਰੋਨ ਸ਼ੋਅ ਵੀ ਕਰਵਾਇਆ ਜਾਵੇਗਾ। ਉਤਸਵ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਹੈ। ਟੂਰਿਜ਼ਮ ਵਿਭਾਗ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਮੈਦਾਨ ਵਿੱਚ ਆ ਕੇ ਇਸ ਰੰਗਲੇ ਮਹੌਲ ਦਾ ਲੁਤਫ਼ ਉਠਾਉਣ।

Leave a Reply

Your email address will not be published. Required fields are marked *