
ਚੰਡੀਗੜ੍ਹ, 27 ਫਰਵਰੀ 2026: ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ ਘਰਾਂ ਦੇ ਸੂਚੀਕਰਨ ਸੰਬੰਧੀ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਲਈ ਅੱਜ ਹੋਟਲ ਮਾਊਂਟ ਵਿਊ, ਚੰਡੀਗੜ੍ਹ ਵਿਖੇ ਇਕ ਦਿਨੀ ਰਾਜ ਪੱਧਰੀ ਕਾਨਫਰੰਸ ਆਯੋਜਿਤ ਕੀਤੀ ਗਈ।
ਇਹ ਬੈਠਕ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਅਤੇ ਡਾਇਰੈਕਟੋਰੇਟ ਜਨਗਣਨਾ ਸੰਚਾਲਨ, ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਮੁੱਖ ਸਕੱਤਰ ਪੰਜਾਬ ਸ੍ਰੀ ਕੇ.ਏ.ਪੀ. ਸਿਨਹਾ ਦੀ ਅਗਵਾਈ ਹੇਠ ਕਰਵਾਈ ਗਈ। ਕਾਨਫਰੰਸ ਦਾ ਮੁੱਖ ਉਦੇਸ਼ 15 ਮਈ 2026 ਤੋਂ 13 ਜੂਨ 2026 ਤੱਕ ਹੋਣ ਵਾਲੇ ਜਨਗਣਨਾ 2027 ਦੇ ਪਹਿਲੇ ਪੜਾਅ—ਘਰਾਂ ਦੇ ਸੂਚੀਕਰਨ ਅਤੇ ਮਕਾਨ ਜਨਗਣਨਾ—ਬਾਰੇ ਜ਼ਿਲ੍ਹਾ ਅਤੇ ਸ਼ਹਿਰੀ ਪ੍ਰਸ਼ਾਸਕੀ ਮੁਖੀਆਂ ਨੂੰ ਵਿਸਥਾਰ ਨਾਲ ਜਾਣੂ ਕਰਵਾਉਣਾ ਸੀ। ਇਸ ਤੋਂ ਇਲਾਵਾ, 30 ਅਪ੍ਰੈਲ 2026 ਤੋਂ 14 ਮਈ 2026 ਤੱਕ ਜਨਤਾ ਲਈ ਸਵੈ-ਗਣਨਾ ਦਾ ਵਿਕਲਪ ਵੀ ਉਪਲਬਧ ਰਹੇਗਾ। ਜਨਗਣਨਾ 2027 ਦਾ ਦੂਜਾ ਪੜਾਅ ਫਰਵਰੀ 2027 ਵਿੱਚ ਸ਼ੁਰੂ ਕੀਤਾ ਜਾਵੇਗਾ।
ਆਪਣੇ ਉਦਘਾਟਨੀ ਭਾਸ਼ਣ ਦੌਰਾਨ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਜਨਗਣਨਾ ਦੇ ਰਾਸ਼ਟਰੀ ਮਹੱਤਵ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਬੂਤ-ਅਧਾਰਤ ਪ੍ਰਸ਼ਾਸਨ, ਭਲਾਈ ਯੋਜਨਾਵਾਂ ਦੀ ਯੋਜਨਾਬੰਦੀ ਅਤੇ ਸਰੋਤਾਂ ਦੀ ਨਿਆਂਪੂਰਨ ਵੰਡ ਲਈ ਬੁਨਿਆਦੀ ਆਧਾਰ ਪ੍ਰਦਾਨ ਕਰਦੀ ਹੈ। ਉਨ੍ਹਾਂ ਪਾਰਦਰਸ਼ਤਾ, ਅੰਕੜਿਆਂ ਦੀ ਸ਼ੁੱਧਤਾ ਅਤੇ ਨਿਰਧਾਰਤ ਸਮਾਂ-ਸੀਮਾਵਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਲੋੜ ਉਭਾਰੀ ਅਤੇ ਅਧਿਕਾਰੀਆਂ ਨੂੰ ਸੁਚੱਜੀ ਯੋਜਨਾਬੰਦੀ ਅਤੇ ਵਿਭਾਗੀ ਤਾਲਮੇਲ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਨਗਣਨਾ 2027 ਦੌਰਾਨ ਡਿਜੀਟਲ ਪ੍ਰਣਾਲੀ, ਸਟੀਕਤਾ ਅਤੇ ਪ੍ਰਸ਼ਾਸਕੀ ਅਨੁਸ਼ਾਸਨ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ ਜਾਣਗੇ।
ਇਸ ਮੌਕੇ ਮੁੱਖ ਸਕੱਤਰ ਵੱਲੋਂ ਜਨਗਣਨਾ 2027 ਦਾ ਪੰਜਾਬੀ ਲੋਗੋ ਵੀ ਜਾਰੀ ਕੀਤਾ ਗਿਆ। ਨਾਲ ਹੀ ਅੱਪਡੇਟ ਕੀਤੇ ਮਾਲੀਆ ਨਕਸ਼ੇ (ਜ਼ਿਲ੍ਹਾ ਅਤੇ ਤਹਿਸੀਲ ਪੱਧਰ) ਅਤੇ ਸ਼ਹਿਰੀ ਸਥਾਨਕ ਇਕਾਈਆਂ ਦੇ ਨਕਸ਼ੇ ਵੀ ਜਨਤਕ ਕੀਤੇ ਗਏ।
ਡਾਇਰੈਕਟਰ ਸੈਂਸਜ਼ ਆਪਰੇਸ਼ਨਜ਼, ਪੰਜਾਬ ਡਾ. ਨਵਜੋਤ ਖੋਸਾ ਨੇ ਜਨਗਣਨਾ 2027 ਲਈ ਤਿਆਰ ਕੀਤੇ ਗਏ ਰੋਡਮੈਪ ਅਤੇ ਰਣਨੀਤਿਕ ਢਾਂਚੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਜਨਗਣਨਾ ਐਕਟ 1948 ਅਤੇ ਜਨਗਣਨਾ ਨਿਯਮ 1990 ਅਧੀਨ ਕਾਨੂੰਨੀ ਪ੍ਰਬੰਧਾਂ ਦੀ ਵੀ ਵਿਵਰਣਾ ਕਰਦਿਆਂ ਰਾਸ਼ਟਰੀ ਮਾਪਦੰਡਾਂ ਅਤੇ ਪ੍ਰਕਿਰਿਆਵਾਂ ਦੀ ਸਖ਼ਤ ਪਾਲਣਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾ ਪੜਾਅ ਦੂਜੇ ਪੜਾਅ ਦੀ ਮਜ਼ਬੂਤ ਨੀਂਹ ਹੋਵੇਗਾ ਅਤੇ ਘਰਾਂ ਦੇ ਸੂਚੀਕਰਨ ਦੌਰਾਨ ਰੱਖੀ ਗਈ ਗੁਣਵੱਤਾ ਪੂਰੇ ਅਭਿਆਨ ਦੀ ਸਫ਼ਲਤਾ ਤੈਅ ਕਰੇਗੀ।
ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੇ ਸਰਗਰਮ ਹਿੱਸੇਦਾਰੀ ਦਿਖਾਉਂਦਿਆਂ ਜ਼ਿਲ੍ਹਾ ਪੱਧਰੀ ਤਿਆਰੀਆਂ, ਲਾਜਿਸਟਿਕ ਪ੍ਰਬੰਧਾਂ, ਕਰਮਚਾਰੀ ਸਿਖਲਾਈ, ਪੇਂਡੂ-ਸ਼ਹਿਰੀ ਕਵਰੇਜ ਯੋਜਨਾਵਾਂ ਅਤੇ ਸਥਾਨਕ ਸੰਸਥਾਵਾਂ ਨਾਲ ਤਾਲਮੇਲ ਬਾਰੇ ਵਿਚਾਰ ਸਾਂਝੇ ਕੀਤੇ। ਨਿਗਰਾਨੀ ਪ੍ਰਣਾਲੀ ਮਜ਼ਬੂਤ ਕਰਨ, ਸਮੇਂ ਸਿਰ ਸਰੋਤ ਉਪਲਬਧ ਕਰਵਾਉਣ, ਕੇਂਦਰੀ ਸਹਾਇਤਾ ਦੇ ਪ੍ਰਭਾਵਸ਼ਾਲੀ ਉਪਯੋਗ ਅਤੇ ਲਾਗੂਕਰਨ ਵਿੱਚ ਇਕਸਾਰਤਾ ਬਣਾਈ ਰੱਖਣ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਅੰਤ ਵਿੱਚ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਅਤੇ ਇਸ ਜਨਗਣਨਾ ਅਭਿਆਨ ਲਈ ਰਾਜ ਨੋਡਲ ਅਧਿਕਾਰੀ ਸ੍ਰੀ ਮਨਜੀਤ ਸਿੰਘ ਬਰਾੜ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਕਾਨਫਰੰਸ ਦੀ ਸਮਾਪਤੀ ਕੀਤੀ ਗਈ।
ਸਭ ਅਧਿਕਾਰੀਆਂ ਨੇ ਨਿਰਧਾਰਤ ਸਮਾਂ-ਸੀਮਾਵਾਂ ਅੰਦਰ ਪਾਰਦਰਸ਼ੀ, ਸਮਾਵੇਸ਼ੀ, ਸਟੀਕ ਅਤੇ ਤਕਨਾਲੋਜੀ-ਅਧਾਰਤ ਜਨਗਣਨਾ ਕਰਵਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ਅਤੇ ਪੇਸ਼ੇਵਰ ਇਮਾਨਦਾਰੀ, ਕਾਨੂੰਨੀ ਪਾਲਣਾ ਅਤੇ ਪ੍ਰਸ਼ਾਸਕੀ ਕੁਸ਼ਲਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲਿਆ।
