Wednesday, July 29Punjabi People

ਪੀ.ਏ.ਯੂ. ਦੇ ਕਿਸਾਨ ਮੇਲੇ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਵੱਲੋਂ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ

ਸ੍ਰੀ ਮੁਕਤਸਰ ਸਾਹਿਬ, 23 ਮਾਰਚ 2026: ਲੁਧਿਆਣਾ ਵਿਖੇ 20-21 ਮਾਰਚ 2026 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ‘ਖੇਤੀ ਵਿਭਿੰਨਤਾ ਅਪਣਾਓ, ਵਾਤਾਵਰਨ ਬਚਾਓ’ ਥੀਮ ਹੇਠ ਆਯੋਜਿਤ ਮੁੱਖ ਕਿਸਾਨ ਮੇਲੇ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਅਤੇ ਇਲਾਕੇ ਦੇ ਅਗੇਵਾਨ ਕਿਸਾਨਾਂ ਨੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਸਨਮਾਨ ਆਪਣੇ ਨਾਮ ਕੀਤੇ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਨੂੰ ਯੂਨੀਵਰਸਿਟੀ ਦੇ ਹੋਰ ਕੇਂਦਰਾਂ ਵਿੱਚੋਂ ਕਿਸਾਨਾਂ ਤੱਕ ਖੇਤੀਬਾੜੀ ਜਾਣਕਾਰੀ ਦੀ ਸਭ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਲਈ ਪਹਿਲਾ ਸਥਾਨ ਹਾਸਲ ਹੋਇਆ। ਇਹ ਉਪਲਬਧੀ ਕੇਂਦਰ ਵੱਲੋਂ ਨਿਰੰਤਰ ਕੀਤੀਆਂ ਜਾ ਰਹੀਆਂ ਜਾਗਰੂਕਤਾ ਅਤੇ ਤਕਨੀਕੀ ਪ੍ਰਸਾਰ ਦੀਆਂ ਕੋਸ਼ਿਸ਼ਾਂ ਦਾ ਪਰਿਣਾਮ ਹੈ।

ਇਸਦੇ ਨਾਲ ਹੀ, ਜ਼ਿਲ੍ਹੇ ਦੇ ਪ੍ਰਗਤੀਸ਼ੀਲ ਕਿਸਾਨਾਂ ਨੇ ਵੀ ਵੱਖ-ਵੱਖ ਫਸਲਾਂ ਵਿੱਚ ਉੱਚ ਗੁਣਵੱਤਾ ਦੇ ਉਤਪਾਦ ਪੇਸ਼ ਕਰਕੇ ਇਨਾਮ ਜਿੱਤੇ। ਪਿੰਡ ਬੋਦੀਵਾਲਾ ਖੜਕ ਸਿੰਘ ਦੇ ਕਿਸਾਨ ਕੁਲਦੀਪ ਸਿੰਘ ਨੇ ਮਿਰਚ ਅਤੇ ਫੁੱਲਗੋਭੀ ਲਈ ਪਹਿਲਾ ਇਨਾਮ ਹਾਸਲ ਕੀਤਾ। ਪਿੰਡ ਖੁੰਨਣ ਕਲਾਂ ਦੇ ਗੁਰਪਾਲ ਸਿੰਘ ਨੂੰ ਹਲਦੀ ਦੀ ਫਸਲ ਲਈ ਦੂਜਾ ਸਥਾਨ ਮਿਲਿਆ, ਜਦਕਿ ਪਿੰਡ ਬੋਦੀਵਾਲਾ ਖੜਕ ਸਿੰਘ ਦੇ ਮਨਦੀਪ ਸਿੰਘ ਨੂੰ ਛੋਲੀਏ ਦੀ ਫਸਲ ਲਈ ਦੂਜਾ ਇਨਾਮ ਪ੍ਰਾਪਤ ਹੋਇਆ। ਇਹ ਸਾਰੇ ਸਨਮਾਨ ਪੰਜਾਬ ਪੱਧਰ ’ਤੇ ਹੋਏ ਮੁਕਾਬਲੇ ਵਿੱਚ ਫਸਲਾਂ ਦੀ ਉੱਚ ਗੁਣਵੱਤਾ ਦੇ ਆਧਾਰ ’ਤੇ ਦਿੱਤੇ ਗਏ। ਇਹ ਪ੍ਰਾਪਤੀਆਂ ਦਰਸਾਉਂਦੀਆਂ ਹਨ ਕਿ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨਵੀਂ ਖੇਤੀਬਾੜੀ ਤਕਨੀਕਾਂ ਨੂੰ ਅਪਣਾ ਕੇ ਗੁਣਵੱਤਾ ਵਾਲੀ ਪੈਦਾਵਾਰ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਅਤੇ ਹੋਰਨਾਂ ਲਈ ਪ੍ਰੇਰਣਾ ਬਣ ਰਹੇ ਹਨ।

ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿੱਚ ਹੋਏ ਇਸ ਸਮਾਰੋਹ ਦੀ ਅਧਿਆਕਸ਼ਤਾ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਮੁੱਖ ਮਹਿਮਾਨ ਵਜੋਂ ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਡਾ. ਮਾਂਗੀ ਲਾਲ ਜਾਟ ਹਾਜ਼ਰ ਸਨ। ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰਸਿੱਧ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਸ਼ਾਮਲ ਸਨ। ਇਸ ਤੋਂ ਇਲਾਵਾ ਡਾ. ਪਰਵਿੰਦਰ ਸ਼ੇਰੋਂ, ਡਾ. ਨਚੀਕੇਤ ਕੋਤਵਾਲੀਵਾਲੇ, ਡਾ. ਐੱਚ.ਐੱਸ. ਜਾਟ, ਡਾ. ਰਿਸ਼ੀਪਾਲ ਸਿੰਘ (ਆਈ.ਏ.ਐੱਸ.) ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਡਾ. ਦਵਿੰਦਰ ਸਿੰਘ ਚੀਮਾ, ਅਮਰਜੀਤ ਸਿੰਘ ਢਿੱਲੋਂ ਅਤੇ ਮੋਹਨ ਸਿੰਘ ਜਾਖੜ ਵੀ ਮੌਜੂਦ ਸਨ।

Leave a Reply

Your email address will not be published. Required fields are marked *