
ਮਾਲੇਰਕੋਟਲਾ, 14, ਫ਼ਰਵਰੀ, 2026: ਪੰਜਾਬ ਸਰਕਾਰ ਵੱਲੋਂ ਕਰਵਾਏ ਗਏ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ” ਦੀ ਦੂਜੀ ਸ਼ਾਮ ਪੂਰੀ ਤਰ੍ਹਾਂ ਸੂਫ਼ੀਆਨਾ ਰੰਗਾਂ ਨਾਲ ਰੰਗੀ ਹੋਈ ਨਜ਼ਰ ਆਈ। ਸਥਾਨਕ ਸਰਕਾਰੀ ਕਾਲਜ ਦੇ ਪ੍ਰਾਂਗਣ ਵਿੱਚ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਰੂਹਾਨੀ ਅਤੇ ਮਧੁਰ ਆਵਾਜ਼ ਨਾਲ ਦਰਸ਼ਕਾਂ ਨੂੰ ਮੰਤ੍ਰਮੁਗਧ ਕਰ ਦਿੱਤਾ ਅਤੇ ਸਮਾਗਮ ਨੂੰ ਚਰਮ ਬਿੰਦੂ ‘ਤੇ ਪਹੁੰਚਾਇਆ। ਉਨ੍ਹਾਂ “ਮਸਤ ਕਲੰਦਰ”, “ਅੱਲਾਹੂ” ਸਮੇਤ ਕਈ ਰੂਹਾਨੀ ਕਲਾਮ ਪੇਸ਼ ਕਰਕੇ ਸਰੋਤਿਆਂ ਨਾਲ ਇਕ ਆਤਮਿਕ ਜੋੜ ਬਣਾਇਆ। ਇਸ ਮੌਕੇ ਸੂਫ਼ੀ ਗਾਇਕ ਅਰਸ਼ ਸੁਹੇਲ ਅਤੇ ਮਾਣਕ ਅਲੀ ਨੇ ਵੀ ਆਪਣੀ ਸੁਰੀਲੀ ਗਾਇਕੀ ਨਾਲ ਮਹਿਫ਼ਲ ਨੂੰ ਰੌਣਕ ਬਖ਼ਸ਼ੀ ਅਤੇ ਦਰਸ਼ਕਾਂ ਨੂੰ ਝੂਮਣ ਲਈ ਪ੍ਰੇਰਿਤ ਕੀਤਾ।
ਇਸ ਸਮਾਰੋਹ ਵਿੱਚ ਸੈਰ-ਸਪਾਟਾ, ਸੱਭਿਆਚਾਰਕ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਅਤੇ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਸਮੇਤ ਕਈ ਮਾਣਯੋਗ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੀ ਧਨਾਢ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਤਾਜ਼ਗੀ ਦੇਣ ਲਈ ਸਰਕਾਰ ਵੱਲੋਂ ਵਿਸ਼ਾਲ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੇਲਿਆਂ ਅਤੇ ਸੱਭਿਆਚਾਰਕ ਉਤਸਵਾਂ ਲਈ ਪਹਿਲਾਂ ਨਿਰਧਾਰਤ 5 ਕਰੋੜ ਰੁਪਏ ਦੇ ਬਜਟ ਨੂੰ ਵਧਾ ਕੇ 100 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਤਾਂ ਜੋ ਰਾਜ ਦੀ ਲੋਕ ਕਲਾ, ਰਸਮੋ-ਰਿਵਾਜ ਅਤੇ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਉਤਸਵ ਪੂਰੇ ਪੰਜਾਬ ਵਿੱਚ ਲਗਾਤਾਰ ਆਯੋਜਿਤ ਕੀਤੇ ਜਾ ਰਹੇ ਹਨ।
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਸਰਕਾਰ ਦੀ ਦੂਰਦਰਸ਼ੀ ਸੋਚ ਤਹਿਤ ਪੰਜਾਬ ਨੂੰ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣਾਇਆ ਜਾ ਰਿਹਾ ਹੈ। ਵਿਰਾਸਤੀ ਸ਼ਹਿਰਾਂ ਦੀ ਸੁੰਦਰਤਾ ਵਧਾਉਣ, ਸਫ਼ਾਈ ਪ੍ਰਬੰਧ ਸੁਧਾਰਣ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਯਕੀਨੀ ਬਣਾਉਣ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਪਰਿਵਾਰਾਂ ਅਤੇ ਖ਼ਾਸ ਕਰਕੇ ਮਹਿਲਾਵਾਂ ਲਈ ਸੁਖਦਾਇਕ ਅਤੇ ਸੁਰੱਖਿਅਤ ਮਾਹੌਲ ਉਪਲਬਧ ਹੋ ਸਕੇ। ਉਨ੍ਹਾਂ ਹੋਰ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ “ਪੰਜਾਬ ਸਖੀ ਸ਼ਕਤੀ ਮੇਲਾ” ਰਾਹੀਂ ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਵੱਡਾ ਬਜ਼ਾਰ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਮਜ਼ਬੂਤੀ ਨੂੰ ਵਾਧਾ ਮਿਲ ਰਿਹਾ ਹੈ। ਨਾਲ ਹੀ ਨੌਜਵਾਨਾਂ ਲਈ ਰੁਜ਼ਗਾਰ, ਹੁਨਰ ਵਿਕਾਸ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।
ਕੰਵਰ ਗਰੇਵਾਲ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਵਿੱਚ ਪਿਆਰ, ਸਾਂਝ ਅਤੇ ਰੂਹਾਨੀ ਸੁਨੇਹੇ ਨੂੰ ਫੈਲਾਉਂਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਇਸ ਸਮਾਗਮ ਦਾ ਸੁਚਾਰੂ ਪ੍ਰਬੰਧ ਕੀਤਾ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਾਕਿਬ ਅਲੀ ਰਾਜਾ, ਪ੍ਰਧਾਨ ਨਗਰ ਕੌਂਸਲ ਮਾਲੇਰਕੋਟਲਾ ਨਸਰੀਨ ਅਸ਼ਰਫ, ਚੇਅਰਮੈਨ ਮਾਰਕੀਟ ਕਮੇਟੀ ਮੋਹਾਲੀ ਗੋਬਿੰਦ ਮਿੱਤਲ, ਚੇਅਰਮੈਨ ਮਾਰਕੀਟ ਕਮੇਟੀ ਸੰਦੋੜ ਕਰਮਜੀਤ ਸਿੰਘ, ਕੇਵਲ ਸਿੰਘ ਜਾਗੋਵਾਲ, ਵਿਧਾਇਕ ਮਾਲੇਰਕੋਟਲਾ ਦੀ ਸਰੀਕ-ਏ-ਹਯਾਤ ਫਰਿਆਲ ਰਹਿਮਾਨ, ਕੋਆਰਡੀਨੇਟਰ ਯੂਥ ਵਿੰਗ ਹਲਕਾ ਮਾਲੇਰਕੋਟਲਾ ਏ.ਕੇ.ਵਾਈ. ਮੂਨਿਸ ਰਹਿਮਾਨ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਰਹੀਆਂ।
ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਐਸ.ਪੀ. ਗੁਰਸ਼ਰਨਜੀਤ ਸਿੰਘ, ਐਸ.ਪੀ. ਰਾਜਵਿੰਦਰ ਸਿੰਘ, ਐੱਸ.ਡੀ.ਐੱਮ. ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ, ਐੱਸ.ਡੀ.ਐੱਮ. ਅਮਰਗੜ੍ਹ ਸੁਰਿੰਦਰ ਕੌਰ, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ ਅਤੇ ਪ੍ਰੋਫੈਸਰ ਅਨਿਲ ਭਾਰਤੀ ਸਮੇਤ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ, ਮਾਲੇਰਕੋਟਲਾ ਵਾਸੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਵੱਡੀ ਸੰਖਿਆ ਵਿੱਚ ਸ਼ਿਰਕਤ ਕਰਕੇ ਇਸ ਸੁਹਾਵਣੀ ਸੂਫ਼ੀ ਸ਼ਾਮ ਦਾ ਆਨੰਦ ਮਾਣਿਆ l
