Saturday, May 23Punjabi People

ਏ.ਐਨ.ਟੀ.ਐਫ. ਪੰਜਾਬ ਨੇ ਵੱਡੀ ਮਾਤਰਾ ਵਿੱਚ ਐਮ.ਡੀ.ਐਮ.ਏ. ਬਰਾਮਦ ਕਰਕੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਭੰਡਾਫੋੜ ਕੀਤਾ; ਛੇ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ, 28 ਫਰਵਰੀ 2026: ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਸੰਗਠਿਤ ਜਾਲ ਨੂੰ ਕਰਾਰਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੇ ਟ੍ਰਾਈਸਿਟੀ ਅਤੇ ਲੁਧਿਆਣਾ ਵਿੱਚ ਸਰਗਰਮ ਇਕ ਵੱਡੇ ਨਾਰਕੋਟਿਕਸ ਨੈੱਟਵਰਕ ਦਾ ਭੰਡਾਫੋੜ ਕਰਦਿਆਂ ਇਸਦੇ ਛੇ ਮੁੱਖ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹ ਗਿਰੋਹ ਖ਼ਾਸ ਕਰਕੇ ਸ਼ਹਿਰੀ ਇਲਾਕਿਆਂ ਵਿੱਚ ਰਹਿੰਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਕੇ ਵਿਦੇਸ਼ੀ ਮੂਲ ਦੇ ਪਾਰਟੀ ਡਰੱਗਜ਼ ਦੀ ਸਪਲਾਈ ਕਰਦਾ ਸੀ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਿਸ਼ਵ, ਮੁਕੇਸ਼ ਕੁਮਾਰ, ਲਖਵਿੰਦਰ ਸਿੰਘ, ਰਵੀ ਕੁਮਾਰ, ਬਲਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਵਜੋਂ ਹੋਈ ਹੈ।ਡੀਜੀਪੀ ਨੇ ਦੱਸਿਆ ਕਿ ਐਮਡੀਐਮਏ ਗੋਲੀਆਂ ਦੀ ਇਹ ਬਰਾਮਦਗੀ ਦੇਸ਼ ਦੀਆਂ ਸਭ ਤੋਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਜ਼ਬਤ ਸਮੱਗਰੀ ਵਿੱਚ 1,215 ਐਮਡੀਐਮਏ ਟੈਬਲੇਟ, 263 ਗ੍ਰਾਮ ਕੋਕੇਨ, 82 ਗ੍ਰਾਮ ਮੈਥਾਫੈਟਾਮਾਈਨ (ਆਈਸ), ਕਰੀਬ 1.2 ਕਿਲੋ ਟੀਐਚਸੀ ਦੇ ਵੱਖ-ਵੱਖ ਰੂਪ, 16 ਗ੍ਰਾਮ ਮੈਜਿਕ ਮਸ਼ਰੂਮ ਅਤੇ 400 ਗ੍ਰਾਮ ਅਫੀਮ ਸ਼ਾਮਲ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 9 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਸਿੰਡੀਕੇਟ ਵਿਦੇਸ਼ਾਂ ਤੋਂ ਏਅਰ ਕੋਰੀਅਰ ਰਾਹੀਂ ਨਸ਼ੀਲੇ ਪਦਾਰਥ ਮੰਗਵਾਉਂਦਾ ਅਤੇ ਉਨ੍ਹਾਂ ਦੀ ਅੱਗੇ ਸਪਲਾਈ ਕਰਦਾ ਸੀ। ਪਤਾ ਲੱਗਣ ਤੋਂ ਬਚਣ ਲਈ ਇਹ ਗਿਰੋਹ ਐਨਕ੍ਰਿਪਟਡ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦਾ ਸੀ। ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਜਾਰੀ ਹੈ ਅਤੇ ਹੋਰ ਸ਼ਾਮਲ ਵਿਅਕਤੀਆਂ ਦੀ ਪਛਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਏਆਈਜੀ ਏਐਨਟੀਐਫ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਖੁਫੀਆ ਸੂਚਨਾ ਮਿਲੀ ਸੀ ਕਿ ਰਿਸ਼ਵ ਨਾਮਕ ਵਿਅਕਤੀ ਖਰੜ ਦੇ ਇੱਕ ਅਪਾਰਟਮੈਂਟ ਤੋਂ ਕਲੱਬਾਂ ਅਤੇ ਪਾਰਟੀ ਸਰਕਟਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਿਹਾ ਹੈ ਅਤੇ ਟ੍ਰਾਈਸਿਟੀ ਦੇ ਨੌਜਵਾਨ ਇਸਦਾ ਮੁੱਖ ਨਿਸ਼ਾਨਾ ਸਨ।

ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਯੋਜਨਾਬੱਧ ਢੰਗ ਨਾਲ ਛਾਪਾ ਮਾਰਿਆ ਅਤੇ ਰਿਸ਼ਵ ਨੂੰ 1,215 ਐਮਡੀਐਮਏ ਟੈਬਲੇਟ, 155 ਗ੍ਰਾਮ ਕੋਕੇਨ, 82 ਗ੍ਰਾਮ ਆਈਸ, 973 ਗ੍ਰਾਮ ਟੀਐਚਸੀ (10 ਵੱਖ-ਵੱਖ ਵੇਰੀਐਂਟ), 16 ਗ੍ਰਾਮ ਮੈਜਿਕ ਮਸ਼ਰੂਮ, 400 ਗ੍ਰਾਮ ਅਫੀਮ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ।

ਹੋਰ ਜਾਂਚ ਦੌਰਾਨ ਲੁਧਿਆਣਾ ਵਿੱਚ ਇੱਕ ਵੱਡਾ ਡਿਸਟ੍ਰੀਬਿਊਸ਼ਨ ਮਾਡਿਊਲ ਸਾਹਮਣੇ ਆਇਆ, ਜੋ ਟ੍ਰਾਈਸਿਟੀ ਖੇਤਰ ਲਈ ਸਪਲਾਈ ਅਤੇ ਰੀ-ਡਿਸਟ੍ਰੀਬਿਊਸ਼ਨ ਹੱਬ ਵਜੋਂ ਕੰਮ ਕਰ ਰਿਹਾ ਸੀ। ਇਸ ਸਬੰਧੀ ਕੀਤੀਆਂ ਗਈਆਂ ਅਗਲੀ ਛਾਪੇਮਾਰੀਆਂ ਵਿੱਚ ਮੁਕੇਸ਼ ਕੁਮਾਰ, ਲਖਵਿੰਦਰ ਸਿੰਘ, ਰਵੀ ਕੁਮਾਰ, ਬਲਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਨੂੰ 108 ਗ੍ਰਾਮ ਕੋਕੇਨ, 278 ਗ੍ਰਾਮ ਟੀਐਚਸੀ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ।

ਏਆਈਜੀ ਨੇ ਕਿਹਾ ਕਿ ਜ਼ਬਤ ਕੀਤੇ ਗਏ ਕਈ ਪਦਾਰਥ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਹੀ ਖਤਰਨਾਕ ਮੰਨੇ ਜਾਂਦੇ ਹਨ ਅਤੇ ਇਨ੍ਹਾਂ ਦੇ ਗੰਭੀਰ ਮਨੋਵਿਗਿਆਨਕ ਅਤੇ ਸਰੀਰਕ ਪ੍ਰਭਾਵਾਂ ਕਾਰਨ ਕਈ ਦੇਸ਼ਾਂ ਵਿੱਚ ਇਨ੍ਹਾਂ ਖ਼ਿਲਾਫ਼ ਸਖ਼ਤ ਸਿਹਤ ਐਡਵਾਈਜ਼ਰੀਆਂ ਅਤੇ ਇਨਫੋਰਸਮੈਂਟ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

ਇਸ ਮਾਮਲੇ ਸਬੰਧੀ ਐਸਏਐਸ ਨਗਰ ਵਿਖੇ ਏਐਨਟੀਐਫ ਥਾਣੇ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ 18, 20, 21, 22, 22(ਸੀ), 27 ਅਤੇ 29 ਹੇਠ ਐਫਆਈਆਰ ਨੰਬਰ 4 ਮਿਤੀ 27.02.2026 ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *