Saturday, May 23Punjabi People

PSEB Result 2026: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ; ਟਾਪ 3 ਸਥਾਨਾਂ ’ਤੇ ਲੜਕੀਆਂ ਦੀ ਬੜਤ

ਚੰਡੀਗੜ੍ਹ, 10 ਅਪ੍ਰੈਲ 2026:  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2025-26 ਲਈ ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਸ ਸਾਲ 10,422 ਸਕੂਲਾਂ ਦੇ ਕੁੱਲ 2,62,966 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,53,789 ਸਫਲ ਰਹੇ। ਕੁੱਲ ਪਾਸ ਪ੍ਰਤੀਸ਼ਤਤਾ 96.51 ਫੀਸਦੀ ਦਰਜ ਕੀਤੀ ਗਈ। ਖਾਸ ਗੱਲ ਇਹ ਰਹੀ ਕਿ ਮੈਰਿਟ ਦੇ ਪਹਿਲੇ ਤਿੰਨ ਸਥਾਨਾਂ ’ਤੇ ਲੜਕੀਆਂ ਨੇ ਬੜਤ ਹਾਸਲ ਕੀਤੀ।

ਤਮੰਨਾ ਪੁੱਤਰੀ ਨਰਿੰਦਰ ਕੁਮਾਰ, ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ (ਫਰੀਦਕੋਟ), ਨੇ 600 ਵਿੱਚੋਂ ਪੂਰੇ 600 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਜਪਨੀਤ ਕੌਰ ਪੁੱਤਰੀ ਕੁਲਦੀਪ ਸਿੰਘ, ਸਰਕਾਰੀ ਮਿਡਲ ਸਕੂਲ ਅੜਕਵਾਸ (ਸੰਗਰੂਰ), ਨੇ 598 ਅੰਕ (99.67%) ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਜਸ਼ਨਦੀਪ ਕੌਰ ਪੁੱਤਰੀ ਹਰਪ੍ਰੀਤ ਸਿੰਘ, ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ), ਨੇ ਵੀ 598 ਅੰਕ (99.67%) ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਬੋਰਡ ਦੇ ਨਿਯਮਾਂ ਮੁਤਾਬਕ, ਜੇਕਰ ਅੰਕ ਬਰਾਬਰ ਹੋਣ ਤਾਂ ਛੋਟੀ ਉਮਰ ਵਾਲੇ ਵਿਦਿਆਰਥੀ ਨੂੰ ਮੈਰਿਟ ਵਿੱਚ ਉੱਚ ਸਥਾਨ ਦਿੱਤਾ ਜਾਂਦਾ ਹੈ।

ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਪ੍ਰੀਖਿਆਵਾਂ ਨੂੰ ਵਧੇਰੇ ਸਖ਼ਤੀ ਅਤੇ ਪਾਰਦਰਸ਼ਤਾ ਨਾਲ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਪਾਠਕ੍ਰਮ ਵਿੱਚ ਲੋੜ ਅਨੁਸਾਰ ਤਬਦੀਲੀਆਂ ਕੀਤੀਆਂ ਜਾਣਗੀਆਂ। ਨਤੀਜਾ ਘੋਸ਼ਿਤ ਕਰਨ ਸਮੇਂ ਕੇਸ਼ਵ ਗੋਇਲ (ਪੀਸੀਐਸ), ਸਕੱਤਰ, ਲਵਿਸ਼ ਚਾਵਲਾ, ਕੰਟਰੋਲਰ (ਪ੍ਰੀਖਿਆਵਾਂ), ਸੰਦੀਪ ਵਰਮਾ, ਉੱਪ-ਸਕੱਤਰ (ਅਕਾਦਮਿਕ) ਅਤੇ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *