
ਅੰਮ੍ਰਿਤਸਰ, 15 ਮਾਰਚ 2026: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੇਸ਼ ਵਿਰੋਧੀ ਤੱਤਾਂ ਖ਼ਿਲਾਫ਼ ਚਲ ਰਹੀ ਮੁਹਿੰਮ ਦੌਰਾਨ ਵੱਡੀ ਕਾਮਯਾਬੀ ਹਾਸਲ ਕਰਦਿਆਂ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਮੋਡੀਊਲ ਦਾ ਭੰਡਾਫੋੜ ਕੀਤਾ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਆਧੁਨਿਕ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ 3.513 ਕਿਲੋਗ੍ਰਾਮ ਹੈਰੋਇਨ, 60 ਜ਼ਿੰਦਾ ਕਾਰਤੂਸ ਅਤੇ 6 ਅਤਿ-ਆਧੁਨਿਕ ਪਿਸਤੌਲ ਬਰਾਮਦ ਹੋਏ ਹਨ। ਇਹ ਹਥਿਆਰ PX 5.7×28 mm TISAS Turkey ਸੀਰੀਜ਼ ਦੇ ਹਨ ਅਤੇ ਪੁਲਿਸ ਮੁਤਾਬਕ ਇਸ ਕਿਸਮ ਦੇ ਪਿਸਤੌਲ ਪਹਿਲੀ ਵਾਰ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਹਨ। ਆਪਣੀ ਤਿੱਖੀ ਪੈਨਟਰੇਸ਼ਨ ਸਮਰੱਥਾ ਅਤੇ ਆਟੋਮੈਟਿਕ ਫਾਇਰਿੰਗ ਦੀ ਯੋਗਤਾ ਕਾਰਨ ਇਹ ਹਥਿਆਰ ਬਹੁਤ ਹੀ ਖ਼ਤਰਨਾਕ ਮੰਨੇ ਜਾਂਦੇ ਹਨ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੋਡੀਊਲ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਅਤੇ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਜਾਂਚ ਦੌਰਾਨ ਪਾਕਿਸਤਾਨੀ ਆਈ.ਐਸ.ਆਈ. ਏਜੰਟ ਸ਼ਹਜ਼ਾਦ ਭੱਟੀ ਦਾ ਨਾਮ ਵੀ ਸਾਹਮਣੇ ਆਇਆ ਹੈ, ਜੋ ਭਾਰਤ ਵਿੱਚ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਲਈ ਨੈੱਟਵਰਕ ਚਲਾ ਰਿਹਾ ਸੀ। ਪੁਲਿਸ ਇਸ ਗੱਲ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ ਤੋਂ ਪਹਿਲਾਂ ਕਿੰਨੀਆਂ ਕਨਸਾਈਨਮੈਂਟਾਂ ਭਾਰਤ ਵਿੱਚ ਭੇਜੀਆਂ ਜਾ ਚੁੱਕੀਆਂ ਹਨ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਕਰਨ ਅਤੇ ਗੁਰਪ੍ਰੀਤ ਉਰਫ਼ ਗੋਪੀ ਮੁੱਖ ਹਨ। ਇਸ ਤੋਂ ਇਲਾਵਾ ਮੱਖਣਦੀਨ, ਰਾਕੇਸ਼ ਉਰਫ਼ ਕੇਸ਼ੂ, ਜਮਕੌਰ ਸਿੰਘ ਅਤੇ ਜਸਬੀਰ ਉਰਫ਼ ਵੀਰਾ ਨੂੰ ਵੀ ਕਾਬੂ ਕੀਤਾ ਗਿਆ ਹੈ। ਦੋਸ਼ੀ ਰਾਕੇਸ਼ ਕੇਸ਼ੂ ਪੁਰਾਣਾ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਨਸ਼ਾ ਤਸਕਰੀ ਅਤੇ ਹਥਿਆਰਾਂ ਨਾਲ ਸਬੰਧਤ ਪਹਿਲਾਂ ਹੀ ਚਾਰ ਮਾਮਲੇ ਦਰਜ ਹਨ। ਇਸ ਮਾਮਲੇ ਸਬੰਧੀ ਥਾਣਾ ਗੇਟ ਹਕੀਮਾ, ਛੇਹਰਟਾ ਅਤੇ ਵੇਰਕਾ ਵਿੱਚ ਕੇਸ ਦਰਜ ਕਰਕੇ ਪੁਲਿਸ ਪੂਰੇ ਨੈੱਟਵਰਕ ਨੂੰ ਤੋੜਨ ਲਈ ਜਾਂਚ ਅੱਗੇ ਵਧਾ ਰਹੀ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਮਾਜ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਆਪਣਾ ਭਵਿੱਖ ਖਰਾਬ ਨਾ ਕਰਨ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਸਹੀ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਮਿਹਨਤ ਦੀ ਕਮਾਈ ਵਿੱਚ ਹੀ ਅਸਲੀ ਇੱਜ਼ਤ ਅਤੇ ਬਰਕਤ ਹੁੰਦੀ ਹੈ।
