
ਚੰਡੀਗੜ੍ਹ, 7 ਅਪ੍ਰੈਲ 2026: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਹਜ਼ਾਰਾਂ ਆਊਟਸੋਰਸਡ ਅਤੇ ਅਸਥਾਈ ਕਰਮਚਾਰੀਆਂ ਲਈ ਡੀਸੀ ਰੇਟ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਜਲਦੀ ਹੀ ਨਵਾਂ ਡਿਪਟੀ ਕਮਿਸ਼ਨਰ (ਡੀਸੀ) ਰੇਟ ਲਾਗੂ ਕਰਨ ਜਾ ਰਿਹਾ ਹੈ ਅਤੇ ਸੂਤਰਾਂ ਮੁਤਾਬਕ ਇਸ ਵਾਰ ਤਨਖਾਹਾਂ ਵਿੱਚ ਲਗਭਗ 6 ਫੀਸਦੀ ਤੱਕ ਵਾਧਾ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਇਸ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਸਾਰੇ ਵਿਭਾਗਾਂ ਤੋਂ ਆਊਟਸੋਰਸ ਕਰਮਚਾਰੀਆਂ ਬਾਰੇ ਡੇਟਾ ਅਤੇ ਸੁਝਾਅ ਮੰਗੇ ਗਏ ਹਨ।
ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਨਵੀਆਂ ਦਰਾਂ 1 ਅਪ੍ਰੈਲ 2026 ਤੋਂ ਲਾਗੂ ਮੰਨੀਆਂ ਜਾਣਗੀਆਂ। ਜੇਕਰ ਨੋਟੀਫਿਕੇਸ਼ਨ ਵਿੱਚ ਦੇਰੀ ਵੀ ਹੁੰਦੀ ਹੈ ਤਾਂ ਕਰਮਚਾਰੀਆਂ ਨੂੰ ਅਪ੍ਰੈਲ ਤੋਂ ਵਧੀ ਹੋਈ ਤਨਖਾਹ ਬਕਾਇਆ ਸਮੇਤ ਦਿੱਤੀ ਜਾਵੇਗੀ। ਇਹ ਦਰਾਂ 31 ਮਾਰਚ 2027 ਤੱਕ ਲਾਗੂ ਰਹਿਣਗੀਆਂ।
ਡੀਸੀ ਰੇਟ ਵਿੱਚ ਇਸ ਵਾਧੇ ਨਾਲ ਕਰੀਬ 420 ਸ਼੍ਰੇਣੀਆਂ ਦੇ ਕਰਮਚਾਰੀ ਲਾਭਾਨਵਿਤ ਹੋਣਗੇ, ਜਿਨ੍ਹਾਂ ਵਿੱਚ ਬੇਲਦਾਰ ਤੋਂ ਲੈ ਕੇ ਜੂਨੀਅਰ ਇੰਜੀਨੀਅਰ ਤੱਕ ਦੇ ਅਹੁਦੇ ਸ਼ਾਮਲ ਹਨ। ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਵਿੱਚ ਬੇਲਦਾਰ, ਜਿਮ ਅਟੈਂਡੈਂਟ, ਘਰੇਲੂ ਸਹਾਇਕ, ਪਾਰਕਿੰਗ ਕਰਮਚਾਰੀ, ਸੇਵਾਦਾਰ, ਕੈਟਲ ਕੈਚਰ, ਚੌਕੀਦਾਰ, ਸਫਾਈ ਸੇਵਕ, ਮਾਲੀ, ਗੇਟਕੀਪਰ ਅਤੇ ਵੇਟਰ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ।
ਇਸ ਫੈਸਲੇ ਨਾਲ ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਪਬਲਿਕ ਸੈਕਟਰ ਅਦਾਰਿਆਂ ਅਤੇ ਪ੍ਰਸ਼ਾਸਨ ਦੀਆਂ ਖੁਦਮੁਖਤਿਆਰ ਇਕਾਈਆਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਿੱਧਾ ਲਾਭ ਮਿਲੇਗਾ। ਇਹ ਦਰਾਂ ਕੇਵਲ 8 ਘੰਟਿਆਂ ਦੀ ਡਿਊਟੀ ਲਈ ਲਾਗੂ ਹੋਣਗੀਆਂ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਡੀਸੀ ਰੇਟ ਵਿੱਚ 5 ਫੀਸਦੀ ਵਾਧਾ ਕੀਤਾ ਗਿਆ ਸੀ, ਜਦਕਿ ਇਸ ਵਾਰ ਕਰੀਬ 420 ਸ਼੍ਰੇਣੀਆਂ ਵਿੱਚ ਤਨਖਾਹਾਂ ਵਧਾਉਣ ਦੀ ਯੋਜਨਾ ਹੈ।
