Wednesday, July 29Punjabi People

ਵਿਧਾਇਕ ਸ. ਸੇਖੋਂ ਦੀ ਅਗਵਾਈ ਵਿੱਚ ਟਰੇਡ ਯੂਨੀਅਨ ਨਾਲ ਮੀਟਿੰਗ, ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਦਾਇਤਾਂ ਜਾਰੀ

ਫਰੀਦਕੋਟ, 30 ਮਾਰਚ 2026: ਜ਼ਿਲ੍ਹਾ ਟਰੇਡ ਯੂਨੀਅਨ ਦੀ ਇੱਕ ਮਹੱਤਵਪੂਰਨ ਮੀਟਿੰਗ ਲਾਈਨ ਬਾਜ਼ਾਰ ਫਰੀਦਕੋਟ ਵਿੱਚ ਹਲਕਾ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਕਰਵਾਈ ਗਈ।

ਮੀਟਿੰਗ ਦੌਰਾਨ ਵਪਾਰੀਆਂ ਨੇ ਆਪਣੇ ਸਾਹਮਣੇ ਆ ਰਹੀਆਂ ਮੁੱਖ ਸਮੱਸਿਆਵਾਂ ਜਿਵੇਂ ਟ੍ਰੈਫਿਕ ਪ੍ਰਬੰਧਨ ਦੀ ਕਮੀ, ਪਾਰਕਿੰਗ ਦੀ ਘਾਟ, ਸਫਾਈ ਦੀ ਨਾਜ਼ੁਕ ਹਾਲਤ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਵਿਸਥਾਰ ਨਾਲ ਰੱਖਿਆ।

ਵਿਧਾਇਕ ਸ. ਸੇਖੋਂ ਨੇ ਇਨ੍ਹਾਂ ਮੁੱਦਿਆਂ ਨੂੰ ਧਿਆਨ ਨਾਲ ਸੁਣਦੇ ਹੋਏ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਜ਼ਮੀਨੀ ਪੱਧਰ ‘ਤੇ ਹੱਲ ਲਾਗੂ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਇਸ ਲਈ ਵੱਖ-ਵੱਖ ਵਿਭਾਗਾਂ ਵਿੱਚ ਸਮਨਵਯ ਹੋਰ ਮਜ਼ਬੂਤ ਕੀਤਾ ਜਾਵੇਗਾ। ਨਾਲ ਹੀ, ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਅਤੇ ਸਫਾਈ ਪ੍ਰਣਾਲੀ ਨੂੰ ਬਿਹਤਰ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣਗੇ।

ਵਿਧਾਇਕ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਨਾਲ ਮਿਲਜੁਲ ਕਰਕੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਟਰੇਡ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਆਪਣੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਨ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਵੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਸ਼ਹਿਰ ਦੇ ਸੁਧਾਰ ਲਈ ਕੰਮ ਕਰਨਗੇ।

ਮੀਟਿੰਗ ਵਿੱਚ ਸ. ਗੁਰਪ੍ਰੀਤ ਸਿੰਘ (ਚੇਅਰਮੈਨ, ਟਰੇਡਰ ਕਮੇਟੀ ਫਰੀਦਕੋਟ), ਮੈਡਮ ਊਸ਼ਾ (ਸਟੇਟ ਟੈਕਸ ਅਫਸਰ), ਜਸਵੰਤ ਸਿੰਘ (ਜੀਐਸਟੀ ਇੰਸਪੈਕਟਰ), ਰਾਕੇਸ਼ ਕੰਬੋਜ (ਐਮ.ਈ., ਨਗਰ ਕੌਂਸਲ), ਨਛੱਤਰ ਸਿੰਘ, ਸਤੀਸ਼ ਕੁਮਾਰ ਅਤੇ ਅਨਮੋਲ ਸਿੰਘ (ਲੇਬਰ ਇੰਸਪੈਕਟਰ) ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਪਾਰੀ ਮੌਜੂਦ ਸਨ।

Leave a Reply

Your email address will not be published. Required fields are marked *