Saturday, May 23Punjabi People

ਮਾਨਸਾ ਪੁਲਿਸ ਨੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਇੱਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਮਾਨਸਾ, 04 ਮਾਰਚ 2026 : ਸੀਨੀਅਰ ਕਪਤਾਨ ਪੁਲਿਸ ਮਾਨਸਾ, ਸ਼੍ਰੀ ਭਾਗੀਰਥ ਸਿੰਘ ਮੀਨਾ (ਆਈ.ਪੀ.ਐੱਸ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਪੁਲਿਸ ਨੇ 27 ਫਰਵਰੀ 2026 ਨੂੰ ਥਾਣਾ ਸਰਦੂਲਗੜ੍ਹ ਦੇ ਅਧੀਨ ਸ਼ੈਲਰ ਰੋਡ ਸਥਿਤ ਇੱਕ ਫਾਰਮ ਹਾਊਸ ਵਿੱਚ ਹੋਏ ਦੋਹਰੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਇਸ ਸਬੰਧੀ ਵੇਰਵਾ ਦਿੰਦਿਆਂ ਐਸ.ਪੀ. (ਇੰਵੈਸਟੀਗੇਸ਼ਨ) ਸ਼੍ਰੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ 27 ਫਰਵਰੀ 2026 ਨੂੰ ਸਰਦੂਲਗੜ੍ਹ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ੈਲਰ ਰੋਡ ਸਥਿਤ ਇੱਕ ਫਾਰਮ ਹਾਊਸ ਵਿੱਚ ਜਸਵੀਰ ਸਿੰਘ ਉਰਫ ਕਾਕਾ ਪੁੱਤਰ ਰਮੇਸ਼ ਕੁਮਾਰ ਵਾਸੀ ਸਰਦੂਲਗੜ੍ਹ ਅਤੇ ਬਲਦੇਵ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮੀਰਪੁਰ ਖੁਰਦ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਅਸ਼ੋਕ ਕੁਮਾਰ ਦੇ ਬਿਆਨ ਦੇ ਆਧਾਰ ’ਤੇ ਮੁਕੱਦਮਾ ਨੰਬਰ 50 ਮਿਤੀ 27.02.2026 ਅਧੀਨ ਧਾਰਾ 103, 3(5) ਬੀ.ਐਨ.ਐਸ ਥਾਣਾ ਸਰਦੂਲਗੜ੍ਹ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਪ ਕਪਤਾਨ ਪੁਲਿਸ (ਸਬ-ਡਿਵੀਜ਼ਨ) ਸਰਦੂਲਗੜ੍ਹ ਸ਼੍ਰੀ ਮਨਜੀਤ ਸਿੰਘ ਅਤੇ ਉਪ ਕਪਤਾਨ ਪੁਲਿਸ (ਇੰਵੈਸਟੀਗੇਸ਼ਨ) ਮਾਨਸਾ ਸ਼੍ਰੀ ਜਸਵਿੰਦਰ ਸਿੰਘ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਟੀਮਾਂ ਵੱਲੋਂ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਜਾਂਚ ਕਰਦਿਆਂ ਗੁਰਪ੍ਰੀਤ ਸਿੰਘ ਉਰਫ ਨਿਉਲਾ (ਉਮਰ 35 ਸਾਲ) ਪੁੱਤਰ ਘੋਨਾ ਸਿੰਘ ਵਾਸੀ ਵਾਰਡ ਨੰਬਰ 04, ਸਰਦੂਲਗੜ੍ਹ ਨੂੰ ਨਾਮਜ਼ਦ ਕਰਕੇ 04 ਮਾਰਚ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਦਾ ਪਿਤਾ ਘੋਨਾ ਸਿੰਘ ਅਕਸਰ ਮ੍ਰਿਤਕ ਜਸਵੀਰ ਸਿੰਘ ਉਰਫ ਕਾਕਾ ਕੋਲ ਜਾਂਦਾ ਸੀ। ਕੁਝ ਸਮੇਂ ਬਾਅਦ ਗੁਰਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਹੋ ਗਈ, ਜਿਸ ਬਾਰੇ ਉਸਨੂੰ ਸ਼ੱਕ ਸੀ ਕਿ ਜਸਵੀਰ ਸਿੰਘ ਨੇ ਚਾਹ ਵਿੱਚ ਕੋਈ ਜ਼ਹਿਰੀਲੀ ਵਸਤੂ ਮਿਲਾ ਦਿੱਤੀ ਸੀ, ਜਿਸ ਕਾਰਨ ਉਸਦਾ ਪਿਤਾ ਬੀਮਾਰ ਹੋ ਕੇ ਮਰ ਗਿਆ। ਇਸ ਤੋਂ ਇਲਾਵਾ, ਗੁਰਪ੍ਰੀਤ ਸਿੰਘ ਨੂੰ ਇਹ ਵੀ ਸ਼ੱਕ ਸੀ ਕਿ ਉਸਦੇ ਪਾਲਤੂ ਕੁੱਤੇ ਨੂੰ ਵੀ ਜ਼ਹਿਰ ਦੇ ਕੇ ਮਾਰਿਆ ਗਿਆ, ਜਿਸਦਾ ਦੋਸ਼ ਉਹ ਜਸਵੀਰ ਸਿੰਘ ’ਤੇ ਲਗਾਉਂਦਾ ਸੀ। ਇਸ ਰੰਜਿਸ਼ ਕਰਕੇ ਉਸਨੇ ਮੌਕਾ ਮਿਲਣ ’ਤੇ ਜਸਵੀਰ ਸਿੰਘ ਅਤੇ ਮਾਲੀ ਬਲਦੇਵ ਸਿੰਘ ਦਾ ਕਤਲ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

Leave a Reply

Your email address will not be published. Required fields are marked *