Saturday, May 23Punjabi People

ਜਲੰਧਰ ਦਿਹਾਤੀ ਪੁਲਿਸ ਨੇ ਗੋਲਡੀ ਬਰਾੜ ਦੇ ਨਾਮ ‘ਤੇ 2 ਕਰੋੜ ਰੁਪਏ ਦੀ ਫਿਰੋਤੀ ਮੰਗਣ ਵਾਲੇ ਦੋ ਦੋਸ਼ੀ ਕੀਤੇ ਗ੍ਰਿਫਤਾਰ

ਜਲੰਧਰ, 29 ਮਾਰਚ 2026: ਜਲੰਧਰ ਦਿਹਾਤੀ ਪੁਲਿਸ ਨੇ ਗੋਲਡੀ ਬਰਾੜ ਦੇ ਨਾਮ ‘ਤੇ ਇੱਕ ਐਨ.ਆਰ.ਆਈ. ਬਜ਼ੁਰਗ ਜੋੜੇ ਤੋਂ 2 ਕਰੋੜ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਤੱਤਾਂ ਅਤੇ ਰੰਗਦਾਰੀ ਮਾਮਲਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਇੱਕ ਖ਼ਾਸ ਟੀਮ ਬਣਾਈ ਗਈ। ਇਸ ਟੀਮ ਦੀ ਦੇਖ-ਰੇਖ ਪੁਲਿਸ ਕਪਤਾਨ (ਤਫਤੀਸ਼) ਵਿਨੀਤ ਅਹਲਾਵਤ, ਡੀਐਸਪੀ ਨਕੋਦਰ ਉਂਕਾਰ ਸਿੰਘ ਬਰਾੜ ਅਤੇ ਡੀਐਸਪੀ (ਤਫਤੀਸ਼) ਇੰਦਰਜੀਤ ਸਿੰਘ ਵੱਲੋਂ ਕੀਤੀ ਗਈ। ਟੀਮ ਵਿੱਚ ਸੀਆਈਏ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਅਤੇ ਸਬ-ਇੰਸਪੈਕਟਰ ਦਿਲਬਾਗ ਸਿੰਘ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਸਨ।

ਪੁਲਿਸ ਟੀਮ ਨੇ ਆਧੁਨਿਕ ਤਕਨੀਕੀ ਅਤੇ ਮਨੁੱਖੀ ਸਾਧਨਾਂ ਦੀ ਮਦਦ ਨਾਲ ਪਿੰਡ ਸ਼ੰਕਰ ਵਿੱਚ ਰਹਿੰਦੇ ਇੱਕ ਐਨਆਰਆਈ ਜੋੜੇ ਤੋਂ ਫਿਰੋਤੀ ਮੰਗਣ ਵਾਲੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਕਪਤਾਨ (ਤਫਤੀਸ਼) ਵਿਨੀਤ ਅਹਲਾਵਤ ਨੇ ਦੱਸਿਆ ਕਿ 21 ਮਾਰਚ 2026 ਨੂੰ ਬਲਜਿੰਦਰ ਕੌਰ ਵਾਸੀ ਪਿੰਡ ਸ਼ੰਕਰ ਨੇ ਸ਼ਿਕਾਇਤ ਦਿੱਤੀ ਕਿ 12 ਜਨਵਰੀ 2026 ਨੂੰ ਉਸਦੇ ਪਤੀ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜਿਸ ਵਿੱਚ ਆਪਣੇ ਆਪ ਨੂੰ ਗੋਲਡੀ ਬਰਾੜ ਗਰੁੱਪ ਨਾਲ ਜੁੜਿਆ ਦੱਸਦੇ ਹੋਏ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਅਤੇ ਨਾ ਦੇਣ ‘ਤੇ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ ਗਈ।

ਇਸ ਤੋਂ ਬਾਅਦ ਉਸਦੇ ਪੁੱਤਰ ਰਣਜੀਤ ਸਿੰਘ, ਜੋ ਵਿਦੇਸ਼ ਵਿੱਚ ਰਹਿੰਦਾ ਹੈ, ਨੂੰ ਵੀ ਵਿਦੇਸ਼ੀ ਨੰਬਰ ਤੋਂ ਕਾਲ ਅਤੇ ਵਟਸਐਪ ਮੈਸੇਜ ਆਏ, ਜਿਨ੍ਹਾਂ ਵਿੱਚ 1.5 ਕਰੋੜ ਰੁਪਏ ਦੀ ਮੰਗ ਕਰਦੇ ਹੋਏ ਘਰ ‘ਤੇ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ। ਦੋਸ਼ੀਆਂ ਵੱਲੋਂ ਪਰਿਵਾਰ ਦੀ ਜਾਇਦਾਦ, ਫਾਰਚੂਨਰ ਗੱਡੀ ਅਤੇ ਕੋਠੀ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਸਦਰ ਨਕੋਦਰ ਵਿੱਚ ਮੁਕੱਦਮਾ ਨੰਬਰ 53 ਮਿਤੀ 21.03.2026 ਅਧੀਨ ਬੀ.ਐਨ.ਐਸ. ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।

ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਤੀਰਥ ਸਿੰਘ, ਜੋ ਪਰਿਵਾਰ ਨਾਲ ਰਿਸ਼ਤੇਦਾਰ ਹੈ ਅਤੇ ਕਨੇਡਾ ਵਿੱਚ ਰਹਿੰਦਾ ਹੈ, ਫਰਵਰੀ ਵਿੱਚ ਭਾਰਤ ਆਇਆ ਸੀ। ਉਸਨੇ ਜਸ਼ਨਦੀਪ ਸਿੰਘ ਉਰਫ ਜਸ਼ਨ, ਜੋ ਕਿ ਧਰਮਕੋਟ ਦਾ ਟੈਕਸੀ ਡਰਾਈਵਰ ਹੈ, ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ।

ਤੀਰਥ ਸਿੰਘ ਨੇ ਪਰਿਵਾਰ ਦੀ ਆਰਥਿਕ ਹਾਲਤ ਅਤੇ ਜਾਇਦਾਦ ਬਾਰੇ ਅੰਦਰੂਨੀ ਜਾਣਕਾਰੀ ਸਾਂਝੀ ਕੀਤੀ, ਜਿਸ ਦੇ ਆਧਾਰ ‘ਤੇ ਦੋਸ਼ੀਆਂ ਨੇ ਫਿਰੋਤੀ ਦੀ ਯੋਜਨਾ ਬਣਾਈ। ਯੋਜਨਾ ਅਨੁਸਾਰ ਜਸ਼ਨਦੀਪ ਨੂੰ 25 ਲੱਖ ਅਤੇ ਤੀਰਥ ਸਿੰਘ ਨੂੰ 1.25 ਕਰੋੜ ਰੁਪਏ ਮਿਲਣੇ ਸਨ।

ਜਸ਼ਨਦੀਪ ਸਿੰਘ ਨੇ ਆਨਲਾਈਨ ਈ-ਸਿਮ ਦੀ ਵਰਤੋਂ ਕਰਦੇ ਹੋਏ ਘਰ ਬੈਠੇ ਹੀ ਕਾਲਾਂ ਅਤੇ ਮੈਸੇਜ ਭੇਜੇ। ਤੀਰਥ ਸਿੰਘ, ਜੋ ਵਿਦੇਸ਼ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ, ਲਾਲਚ ਵਿੱਚ ਆ ਕੇ ਇਸ ਅਪਰਾਧ ਵਿੱਚ ਸ਼ਾਮਲ ਹੋ ਗਿਆ।

ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਗ੍ਰਿਫ਼ਤਾਰ ਮੁਲਜ਼ਮ:

  1. ਤੀਰਥ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਬਹਾਦਰਪੁਰ, ਜ਼ਿਲ੍ਹਾ ਜਲੰਧਰ।
  2. ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਅਮਰਜੀਤ ਸਿੰਘ, ਵਾਸੀ ਧਰਮਕੋਟ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

Leave a Reply

Your email address will not be published. Required fields are marked *