Saturday, May 23Punjabi People

‘ਵਿਸ਼ਵ ਗੁਰੂ’ ਦੇ ਦਾਵਿਆਂ ਤੋਂ ਲੈ ਕੇ ਗੈਸ ਸਿਲੰਡਰਾਂ ਲਈ ਲੱਗਦੀਆਂ ਲਾਈਨਾਂ ਤੱਕ—ਅਮਨ ਅਰੋੜਾ ਨੇ ਕੇਂਦਰ ਸਰਕਾਰ ਦੇ ਦਾਵਿਆਂ ‘ਤੇ ਤਿੱਖਾ ਸਵਾਲ ਚੁੱਕਿਆ

ਚੰਡੀਗੜ੍ਹ, 12 ਮਾਰਚ 2026: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਿਦੇਸ਼ੀ ਅਤੇ ਘਰੇਲੂ ਦੋਹਾਂ ਮੋਰਚਿਆਂ ‘ਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ‘ਵਿਸ਼ਵ ਗੁਰੂ’ ਅਤੇ ‘ਆਤਮਨਿਰਭਰ’ ਬਣਾਉਣ ਦੇ ਕੀਤੇ ਦਾਅਵੇ ਹੁਣ ਹਕੀਕਤ ਵਿੱਚ ਖੋਖਲੇ ਸਾਬਤ ਹੋ ਰਹੇ ਹਨ ਅਤੇ ਸਰਕਾਰੀ ਦਾਅਵਿਆਂ ਤੇ ਜ਼ਮੀਨੀ ਹਕੀਕਤ ਵਿਚਕਾਰ ਵੱਡਾ ਅੰਤਰ ਸਪੱਸ਼ਟ ਤੌਰ ‘ਤੇ ਨਜ਼ਰ ਆ ਰਿਹਾ ਹੈ।

ਪੰਜਾਬ ਵਿਧਾਨ ਸਭਾ ਵਿੱਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪੇਸ਼ ਕੀਤੇ ਨਿੰਦਾ ਮਤੇ ‘ਤੇ ਚਰਚਾ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇ ਅਖ਼ਬਾਰਾਂ ਵਿੱਚ ਇੱਕ ਪਾਸੇ ਗੈਸ ਏਜੰਸੀਆਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ, ਹੋਟਲਾਂ ਦੇ ਬੰਦ ਹੋਣ ਦੇ ਖ਼ਤਰੇ, ਵਿਆਹ ਸਮਾਰੋਹ ਰੱਦ ਹੋਣ ਅਤੇ ਘਰਾਂ ਵਿੱਚ ਰਸੋਈ ਚਲਾਉਣ ਨੂੰ ਲੈ ਕੇ ਲੋਕਾਂ ਦੀ ਚਿੰਤਾ ਵਾਲੀਆਂ ਖ਼ਬਰਾਂ ਛਪੀਆਂ ਹੋਈਆਂ ਹਨ, ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ‘ਤੁਹਾਡਾ ਘਰ ਸਾਡੀ ਪਹਿਲੀ ਤਰਜੀਹ’ ਦੇ ਨਾਅਰੇ ਨਾਲ ਪੂਰੇ ਪੰਨੇ ਦੇ ਇਸ਼ਤਿਹਾਰ ਛਪਵਾ ਕੇ ਲੋਕਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਸ਼ਤਿਹਾਰ ਅਸਲ ਵਿੱਚ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਥਿਤੀ ਗੰਭੀਰ ਹੈ ਅਤੇ ਸਮੇਂ ਦੇ ਨਾਲ ਹੋਰ ਵੀ ਖਰਾਬ ਹੋ ਰਹੀ ਹੈ।

ਉਨ੍ਹਾਂ ਸਦਨ ਨੂੰ 2014 ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣੀ ਭਾਸ਼ਣਾਂ ਦੀ ਯਾਦ ਦਿਵਾਈ ਅਤੇ ਕਿਹਾ ਕਿ ਉਸ ਸਮੇਂ ਦੇਸ਼ ਨੂੰ ਦੁਨੀਆ ਦੀ ਅਗਵਾਈ ਕਰਨ ਵਾਲਾ ਬਣਾਉਣ ਅਤੇ ਭਾਰਤ ਨੂੰ ਪੂਰੀ ਤਰ੍ਹਾਂ ਆਤਮਨਿਰਭਰ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਸਨ। ਪਰ ਅੱਜ ਹਾਲਾਤ ਇਸਦੇ ਉਲਟ ਹਨ ਅਤੇ ਇਹ ਸਾਰੇ ਵਾਅਦੇ ਹਕੀਕਤ ਵਿੱਚ ਪੂਰੇ ਨਹੀਂ ਹੋ ਸਕੇ।

ਅਮਨ ਅਰੋੜਾ ਨੇ ਕਿਹਾ ਕਿ ਲਗਭਗ ਬਾਰ੍ਹਾਂ ਸਾਲਾਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੀ ਵਿਦੇਸ਼ ਨੀਤੀ ਵਿੱਚ ਵੀ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਭਾਰਤ ਦੇ ਕਈ ਗੁਆਂਢੀ ਦੇਸ਼ ਹੌਲੀ-ਹੌਲੀ ਭਾਰਤ ਤੋਂ ਦੂਰ ਹੋ ਰਹੇ ਹਨ ਅਤੇ ਚੀਨ ਨਾਲ ਆਪਣੇ ਸਬੰਧ ਮਜ਼ਬੂਤ ਕਰ ਰਹੇ ਹਨ, ਜੋ ਕਿ ਕੇਂਦਰ ਸਰਕਾਰ ਦੀ ਕੂਟਨੀਤਿਕ ਨਾਕਾਮੀ ਨੂੰ ਦਰਸਾਉਂਦਾ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਦੇ ਹਾਲੀਆ ਇਜ਼ਰਾਈਲ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਨੇਤਨਯਾਹੂ ਨਾਲ ਗਲੇ ਮਿਲਣ ਤੋਂ ਬਾਅਦ ਥੋੜ੍ਹੇ ਹੀ ਸਮੇਂ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਦੀ ਉੱਚ ਪੱਧਰੀ ਸਿਆਸੀ ਲੀਡਰਸ਼ਿਪ ‘ਤੇ ਹਮਲੇ ਕਰ ਦਿੱਤੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇੱਕ ਸਕੂਲ ‘ਤੇ ਕੀਤੇ ਗਏ ਹਮਲੇ ਵਿੱਚ ਸੈਂਕੜੇ ਬੱਚਿਆਂ ਦੀ ਮੌਤ ਹੋ ਗਈ ਸੀ, ਪਰ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਵੱਲੋਂ ਕੋਈ ਸਪੱਸ਼ਟ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

ਕੇਂਦਰ ਸਰਕਾਰ ਦੀ ਊਰਜਾ ਨੀਤੀ ‘ਤੇ ਸਵਾਲ ਉਠਾਉਂਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਵਿੱਚ ਦੇਸ਼ ਵਿੱਚ ਕੁਦਰਤੀ ਗੈਸ ਦਾ ਘਰੇਲੂ ਉਤਪਾਦਨ ਘਟਿਆ ਹੈ ਜਦਕਿ ਇਸ ਦੀ ਖਪਤ ਕਾਫ਼ੀ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ 2012 ਵਿੱਚ 40.68 ਬੀਸੀਐਮ ਰਹੀ ਗੈਸ ਉਤਪਾਦਨ 2024 ਵਿੱਚ ਘਟ ਕੇ 35 ਬੀਸੀਐਮ ਰਹਿ ਗਈ ਹੈ, ਜਦਕਿ ਖਪਤ 47 ਬੀਸੀਐਮ ਤੋਂ ਵੱਧ ਕੇ 69 ਬੀਸੀਐਮ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਕੱਚੇ ਤੇਲ ਦਾ ਘਰੇਲੂ ਉਤਪਾਦਨ ਵੀ ਘਟਿਆ ਹੈ ਪਰ ਇਸਦੀ ਖਪਤ ਵਿੱਚ ਵੱਡਾ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀ ਐਲਪੀਜੀ ਆਯਾਤ ਨਿਰਭਰਤਾ 2014 ਵਿੱਚ ਕਰੀਬ 45 ਫੀਸਦ ਸੀ ਜੋ 2025 ਤੱਕ ਵੱਧ ਕੇ 66 ਫੀਸਦ ਹੋ ਗਈ ਹੈ। ਉਨ੍ਹਾਂ ਤੰਜ ਕਰਦਿਆਂ ਕਿਹਾ ਕਿ ਇਹੀ ਕੇਂਦਰ ਸਰਕਾਰ ਦਾ ਕਥਿਤ ‘ਆਤਮਨਿਰਭਰ ਭਾਰਤ’ ਹੈ, ਜਿੱਥੇ ਦੇਸ਼ ਆਪਣੀ ਰਸੋਈ ਗੈਸ ਲਈ ਵੱਡੇ ਪੱਧਰ ‘ਤੇ ਆਯਾਤ ‘ਤੇ ਨਿਰਭਰ ਹੋ ਰਿਹਾ ਹੈ।

ਅਮਨ ਅਰੋੜਾ ਨੇ ਅਮਰੀਕਾ ਵਿੱਚ ਇੱਕ ਵੱਡੇ ਰਿਫਾਇਨਰੀ ਨਿਵੇਸ਼ ਸਮਝੌਤੇ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਭਾਰਤ ਦੀ ਨਿੱਜੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੀ ਭੂਮਿਕਾ ਦੱਸੀ ਗਈ। ਉਨ੍ਹਾਂ ਨੇ ਡੋਨਾਲਡ ਟਰੰਪ ਦੇ ਉਸ ਟਵੀਟ ਦਾ ਹਵਾਲਾ ਦਿੱਤਾ ਜਿਸ ਵਿੱਚ ਭਾਰਤ ਅਤੇ ਰਿਲਾਇੰਸ ਦੇ ਵੱਡੇ ਨਿਵੇਸ਼ ਦੀ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਸ ਨਾਲ ਅਮਰੀਕਾ ਵਿੱਚ ਨੌਕਰੀਆਂ ਅਤੇ ਈਂਧਨ ਦੀ ਸਪਲਾਈ ਨੂੰ ਮਜ਼ਬੂਤੀ ਮਿਲੇਗੀ।

ਮੰਤਰੀ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੇ ਲੋਕ ਐਲਪੀਜੀ ਸਿਲੰਡਰਾਂ ਲਈ ਲਾਈਨਾਂ ਵਿੱਚ ਖੜ੍ਹੇ ਹਨ ਅਤੇ ਘਰਾਂ ਵਿੱਚ ਰਸੋਈ ਚਲਾਉਣ ਲਈ ਚਿੰਤਤ ਹਨ, ਜਦਕਿ ਦੂਜੇ ਪਾਸੇ ਅਰਬਾਂ ਡਾਲਰ ਦੇ ਨਿਵੇਸ਼ ਵਿਦੇਸ਼ਾਂ ਵਿੱਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਾਲਾਤ ਦੇਸ਼ ਲਈ ਚਿੰਤਾਜਨਕ ਹਨ ਅਤੇ ਲੋਕਾਂ ਦੀਆਂ ਮੂਲ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਅਖੀਰ ਵਿੱਚ ਅਮਨ ਅਰੋੜਾ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ ਤਾਂ ਜੋ ਲੋਕਾਂ ਨੂੰ ਈਂਧਨ ਜਾਂ ਐਲਪੀਜੀ ਦੀ ਘਾਟ ਕਾਰਨ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਭਾਵੇਂ ਤੇਲ ਅਤੇ ਐਲਪੀਜੀ ਸੈਕਟਰ ਕੇਂਦਰ ਦੇ ਅਧੀਨ ਹਨ, ਫਿਰ ਵੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਲਗਾਤਾਰ ਯਤਨ ਕਰਦੀ ਰਹੇਗੀ।

Leave a Reply

Your email address will not be published. Required fields are marked *