Saturday, May 23Punjabi People

“ਮਿੱਟੀ ਤੋਂ ਥਾਲੀ ਤੱਕ” – ਪੰਜਾਬ ਦੀ ਖੇਤੀਬਾੜੀ ਨੂੰ ਮਜ਼ਬੂਤੀ ਦੇਣ ਲਈ ਨਵੀਂ ਪਹਲ

ਚੰਡੀਗੜ੍ਹ, 4 ਅਪ੍ਰੈਲ 2026: ਟਿਕਾਊ ਖੇਤੀਬਾੜੀ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਰਾਜ ਖੁਰਾਕ ਕਮਿਸ਼ਨ ਨੇ “ਆਰ ਈ: ਜੈਨਰੇਟਿੰਗ ਪੰਜਾਬ” ਦੇ ਸਹਿਯੋਗ ਨਾਲ “ਮਿੱਟੀ ਤੋਂ ਥਾਲੀ” ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਪਹਿਲ ਦਾ ਮੁੱਖ ਮਕਸਦ ਰਾਜ ਵਿੱਚ ਮਿੱਟੀ ਦੀ ਸਿਹਤ ਨੂੰ ਮੁੜ ਬਹਾਲ ਕਰਨਾ ਅਤੇ ਖੇਤੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣਾ ਹੈ।

ਸਮਾਗਮ ਦੀ ਅਗਵਾਈ ਕਰਦੇ ਹੋਏ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮਿੱਟੀ ਦੀ ਘਟਦੀ ਉਪਜਾਊ ਸ਼ਕਤੀ, ਭੂਮੀਗਤ ਪਾਣੀ ਦੀ ਕਮੀ ਅਤੇ ਵਾਤਾਵਰਣੀ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਯਤਨਾਂ ਦੀ ਲੋੜ ਉਤੇ ਜ਼ੋਰ ਦਿੱਤਾ। ਇਸ ਮੌਕੇ ਸੁਮਿਤ ਸੰਧੂ ਨੇ ਮੁਹਿੰਮ ਦੇ ਲਕਸ਼ ਅਤੇ ਕਾਰਜ-ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਸੈਮੀਨਾਰ ਵਿੱਚ ਪੰਜਾਬ, ਅਮਰੀਕਾ ਅਤੇ ਯੂਕੇ ਤੋਂ ਆਏ ਮਾਹਿਰਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਚਰਚਾ ਦੌਰਾਨ ਔਰਗੈਨਿਕ ਖੇਤੀ, ਫਸਲੀ ਵਿਵਿਧਤਾ, ਗੰਡੋਇਆ ਖਾਦ, ਮਿੱਟੀ ਵਿੱਚ ਜੈਵਿਕ ਕਾਰਬਨ ਵਧਾਉਣਾ, ਪਾਣੀ ਦੀ ਸਮਝਦਾਰ ਵਰਤੋਂ, ਫੂਡ ਪ੍ਰੋਸੈਸਿੰਗ ਅਤੇ ਐਕਸਪੋਰਟ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ। ਸਾਰੀ ਚਰਚਾ ਦਾ ਕੇਂਦਰ ਪ੍ਰਕਿਰਤੀ ਨਾਲ ਸੰਤੁਲਨ ਬਣਾਈ ਰੱਖਣ ਦੇ ਸਿਧਾਂਤ ‘ਤੇ ਰਿਹਾ।

ਇਸ ਦੌਰਾਨ ਕਈ ਮਾਹਿਰਾਂ ਅਤੇ ਕਿਸਾਨਾਂ ਨੇ ਆਪਣੇ ਸੁਝਾਅ ਦਿੱਤੇ, ਜਿਨ੍ਹਾਂ ਵਿੱਚ ਮਿੱਟੀ ਦੀ ਗੁਣਵੱਤਾ ਸੁਧਾਰਨ, ਖੇਤੀ ਵਿੱਚ ਨਵੀਂ ਤਕਨਾਲੋਜੀ ਦੇ ਇਸਤੇਮਾਲ ਅਤੇ ਟਿਕਾਊ ਖੇਤੀ ਮਾਡਲਾਂ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ ਗਿਆ।

ਸਮਾਗਮ ਵਿੱਚ ਕਮਿਸ਼ਨ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਇਸ ਉਪਰਾਲੇ ਦੀ ਸਰਾਹਨਾ ਕੀਤੀ। ਮਾਹਿਰਾਂ ਨੇ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਹੱਤਤਾ ਨੂੰ ਰੋਸ਼ਨ ਕੀਤਾ ਅਤੇ ਇਸਨੂੰ ਵਧਾਉਣ ਲਈ ਵੱਖ-ਵੱਖ ਪ੍ਰਯੋਗਿਕ ਤਰੀਕੇ ਸੁਝਾਏ।

ਇਸ ਪਹਿਲਕਦਮੀ ਤਹਿਤ ਇੱਕ “ਥਿੰਕ ਐਂਡ ਡੂ ਟੈਂਕ” ਬਣਾਉਣ ਦਾ ਐਲਾਨ ਵੀ ਕੀਤਾ ਗਿਆ, ਜੋ ਖੇਤੀਬਾੜੀ ਖੇਤਰ ਵਿੱਚ ਨਵੀਂ ਸੋਚ ਅਤੇ ਕਾਰਵਾਈ ਨੂੰ ਉਤਸ਼ਾਹਿਤ ਕਰੇਗਾ। ਇਹ ਟੀਮ ਪੰਜਾਬ ਵਿੱਚ ਖੇਤੀਬਾੜੀ ਦੀ ਪੁਨਰਜਾਗਰਤੀ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰੇਗੀ ਅਤੇ ਕਿਸਾਨਾਂ ਨੂੰ ਟਿਕਾਊ ਖੇਤੀ ਵੱਲ ਪ੍ਰੇਰਿਤ ਕਰੇਗੀ।

Leave a Reply

Your email address will not be published. Required fields are marked *