Saturday, May 23Punjabi People

ਫੂਡ ਸੈਂਪਲਿੰਗ ਟੀਮਾਂ ਕਰਨਗੀਆਂ 24 ਘੰਟੇ ਕੰਮ ‘ਮੇਲਾ ਮਾਘੀ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਹੋਵੇਗੀ ਜਾਂਚ

ਸ੍ਰੀ ਮੁਕਤਸਰ ਸਾਹਿਬ 10 ਜਨਵਰੀ 2026: ਡਿਪਟੀ ਕਮਿਸ਼ਨਰ ਸ਼੍ਰੀ ਅਭਿਜੀਤ ਕਪਲਿਸ਼ ਦੀ ਅਗਵਾਈ ਹੇਠ ਮਾਘੀ ਮੇਲੇ ਵਿੱਚ ਆਉਣ ਵਾਲੇ ਸੰਗਤਾਂ ਦੀ ਸਿਹਤ ਨੂੰ ਪ੍ਰਮੁੱਖਤਾ ਦਿੰਦੇ ਹੋਏ ਸਿਹਤ ਵਿਭਾਗ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਲੇ ਵਿੱਚ ਸੰਗਤਾਂ ਦੀ ਖੁਰਾਕ ਦੀ ਗੁਣਵੱਤਾ ਪੱਖੀ ਜਾਂਚ ਲਈ ਫੂਡ ਟੈਸਟਿੰਗ ਦੀਆਂ ਟੀਮਾਂ ਚੌਵੀ ਘੰਟੇ ਡਿਊਟੀ ‘ਤੇ ਰਹਿਣਗੀਆਂ ਤਾਂਕਿ ਮਿਲਾਵਟੀ ਚੀਜ਼ਾਂ ਤੋਂ ਜਨਤਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਵੱਲੋਂ ਤੀਹ ਹਜ਼ਾਰ ਸੰਗਤਾਂ ਲਈ ਭੋਜਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਇਹ ਖਾਣਾ ਉੱਤਮ ਕੁਆਲਿਟੀ ਦਾ ਹੋਣਾ ਜ਼ਰੂਰੀ ਹੈ ਅਤੇ ਫੂਡ ਟੈਸਟਿੰਗ ਟੀਮਾਂ ਦੁਆਰਾ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।

ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ, ਖਾਸ ਕਰਕੇ ਸਰਕਾਰੀ ਕਰਮਚਾਰੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਇਸ ਮਹੱਤਵਪੂਰਨ ਮੇਲੇ ਵਿੱਚ ਉਹ ਸੰਗਤਾਂ ਦੀ ਸੇਵਾ-ਭਗਤੀ ਕਰ ਰਹੇ ਹਨ।

ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਮਾਘੀ ਦੇ ਇਸ ਮੇਲੇ ਸਮੇਂ ਸ਼ਹਿਰ ਨੂੰ ਸੱਤ ਖੇਤਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਖੇਤਰ ਵਿੱਚ ਸਥਿਰ ਟੀਮਾਂ ਤੋਂ ਇਲਾਵਾ ਪੰਜ ਘੁੰਮਦੀਆਂ ਟੀਮਾਂ ਵੀ ਮੇਲੇ ਦੌਰਾਨ ਸ਼ਹਿਰ ਦੇ ਵੱਖੋ-ਵੱਖਰੇ ਇਲਾਕਿਆਂ ਵਿੱਚ 24 ਘੰਟੇ ਗਸ਼ਤ ਕਰਨਗੀਆਂ ਅਤੇ ਜ਼ਰੂਰਤ ਪੈਣ ‘ਤੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣਗੀਆਂ। ਹਰ ਖੇਤਰ ਵਿੱਚ 24 ਘੰਟੇ ਲਈ ਐਂਬੂਲੈਂਸ ਦੀ ਵਿਵਸਥਾ ਰਹੇਗੀ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮੇਲੇ ਦੌਰਾਨ ਜ਼ਿਲ੍ਹਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਰੀਆਂ ਐਮਰਜੈਂਸੀ ਸੇਵਾਵਾਂ ਚੌਵੀ ਘੰਟੇ ਚਾਲੂ ਰਹਿਣਗੀਆਂ ਅਤੇ ਸਿਵਲ ਸਰਜਨ ਦਫ਼ਤਰ ਵੱਲੋਂ ਸਿਹਤ ਵਿਭਾਗ ਦਾ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜੋ ਲਗਾਤਾਰ ਕਾਰਜਸ਼ੀਲ ਰਹੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਵੀ.ਆਈ.ਪੀ. ਮਹਿਮਾਨਾਂ ਲਈ ਪ੍ਰੋਟੋਕੋਲ ਮੁਤਾਬਕ ਡਾਕਟਰੀ ਟੀਮਾਂ ਸਟੈਂਡਬਾਈ ‘ਤੇ ਰੱਖੀਆਂ ਗਈਆਂ ਹਨ ਅਤੇ ਸੰਮੇਲਨ ਸਥਾਨ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਕੇ ‘ਤੇ ਹੋਰ ਟਰੌਮਾ ਸੈਂਟਰ ਸਥਾਪਤ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *