
ਚੰਡੀਗੜ੍ਹ, 08 ਫਰਵਰੀ 2026: ਪੰਜਾਬ ਸਰਕਾਰ ਨੇ ਡਾ. ਪੁਸ਼ਪਿੰਦਰ ਸਿੰਘ ਗਿੱਲ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (ਐਮ.ਬੀ.ਐਸ.ਪੀ.ਐਸ.ਯੂ.), ਪਟਿਆਲਾ ਦਾ ਵਾਈਸ-ਚਾਂਸਲਰ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲ ਦਾ ਹੋਵੇਗਾ।
ਡਾ. ਪੁਸ਼ਪਿੰਦਰ ਸਿੰਘ ਗਿੱਲ ਕੋਲ ਅਕਾਦਮਿਕ, ਖੋਜ, ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਸਲਾਹ-ਮਸ਼ਵਰੇ ਵਿੱਚ 36 ਸਾਲ ਤੋਂ ਵੱਧ ਦਾ ਵਿਸ਼ੇਸ਼ ਤਜਰਬਾ ਹੈ। ਸਰਕਾਰੀ ਬੁਲਾਰੇ ਅਨੁਸਾਰ, ਡਾ. ਗਿੱਲ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੇਵਾਮੁਕਤ ਪ੍ਰੋਫੈਸਰ ਵਜੋਂ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਲੀਡਰਸ਼ਿਪ ਸਮਰੱਥਾਵਾਂ ਯੂਨੀਵਰਸਿਟੀ ਨੂੰ ਉੱਚ ਪਦਵੀ ਅਤੇ ਪ੍ਰਮੁੱਖ ਖੇਡ ਸੰਸਥਾ ਵਜੋਂ ਵਿਕਸਤ ਕਰਨ ਵਿੱਚ ਸਹਾਇਕ ਸਾਬਤ ਹੋਣਗੀਆਂ। ਡਾ. ਗਿੱਲ ਨੇ 1993 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।
ਆਪਣੇ ਸ਼ਾਨਦਾਰ ਅਕਾਦਮਿਕ ਕਰੀਅਰ ਦੌਰਾਨ, ਡਾ. ਗਿੱਲ ਨੇ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਵਿੱਚ ਖਾਸ ਯੋਗਦਾਨ ਦਿੱਤਾ। 1999 ਤੋਂ 2001 ਤੱਕ, ਉਨ੍ਹਾਂ ਨੇ ਅਫ਼ਰੀਕਾ (ਯੂਗਾਂਡਾ, ਕੀਨੀਆ, ਇਥੋਪੀਆ ਅਤੇ ਨਾਈਜੀਰੀਆ) ਵਿੱਚ ਕੋਕਾ-ਕੋਲਾ ਕੰਪਨੀ ਲਈ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਖਾਸ ਸੇਵਾਵਾਂ ਨਿਭਾਈਆਂ ਅਤੇ ਉੱਚ ਸਿੱਖਿਆ ਪ੍ਰਸ਼ਾਸਨ ਵਿੱਚ ਕੁਸ਼ਲਤਾ ਅਤੇ ਰਣਨੀਤਕ ਪ੍ਰਬੰਧਨ ਦੀ ਯੋਗਤਾ ਲਿਆਈ।
ਡਾ. ਗਿੱਲ ਨੇ 84 ਖੋਜ ਪ੍ਰਕਾਸ਼ਨਾਂ, 10 ਕਿਤਾਬਾਂ ਅਤੇ ਮੈਨੇਜਮੈਂਟ ਅਤੇ ਸਹਾਇਕ ਵਿਸ਼ਿਆਂ ‘ਤੇ 400 ਤੋਂ ਵੱਧ ਲੇਖ ਪ੍ਰਸਿੱਧ ਰਸਾਲਿਆਂ ਅਤੇ ਅਖਬਾਰਾਂ ਵਿੱਚ ਛਪਵਾਏ ਹਨ।
ਬੁਲਾਰੇ ਅਨੁਸਾਰ, ਡਾ. ਗਿੱਲ ਦੀ ਮੁਹਾਰਤ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਖੇਡ ਸਿੱਖਿਆ, ਉੱਚ-ਪ੍ਰਦਰਸ਼ਨ ਵਾਲੀ ਖੇਡ ਅਤੇ ਖੋਜ ਦੇ ਖੇਤਰ ਵਿੱਚ ਦੇਸ਼ ਦੀ ਪ੍ਰਮੁੱਖ ਸੰਸਥਾ ਵਜੋਂ ਸਥਾਪਿਤ ਕਰਨ ਵਿੱਚ ਸਹਾਇਕ ਸਾਬਤ ਹੋਵੇਗੀ। ਉੱਥੇ ਵਿਦਿਆਰਥੀ, ਐਥਲੀਟ, ਫੈਕਲਟੀ, ਕੋਚ ਅਤੇ ਉਦਯੋਗ ਮਿਲ ਕੇ ਗਿਆਨ ਸਿਰਜਣ ਅਤੇ ਖੇਡ ਖੇਤਰ ਵਿੱਚ ਕਾਰਗਰ ਪਰਦਰਸ਼ਨ ਨੂੰ ਹਕੀਕਤ ਵਿੱਚ ਬਦਲਣਗੇ। ਡਾ. ਗਿੱਲ ਨੇ ਉੱਤਰਾਖੰਡ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਪਬਲਿਕ ਸਰਵਿਸ ਕਮਿਸ਼ਨਾਂ ਵਿੱਚ ਮਾਹਿਰ ਵਜੋਂ ਵੀ ਸੇਵਾਵਾਂ ਦਿੱਤੀਆਂ ਹਨ।
