Saturday, May 23Punjabi People

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਹਨੂਮਾਨ ਜਯੰਤੀ ਦੇ ਅਵਸਰ ‘ਤੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰੀ

ਨੰਗਲ, 02 ਅਪ੍ਰੈਲ 2026: ਹਨੂਮਾਨ ਜਯੰਤੀ ਦੇ ਪਾਵਨ ਅਵਸਰ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਿਵਾਲਿਕ ਐਵਨਿਊ, ਨੰਗਲ ਵਿਖੇ ਸਥਿਤ ਹਨੂਮਾਨ ਮੰਦਰ ਵਿੱਚ ਆਯੋਜਿਤ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਈਆਂ, ਜਿਨ੍ਹਾਂ ਨੇ ਭਗਤੀ ਭਾਵਨਾ ਨਾਲ ਬਜਰੰਗ ਬਲੀ ਜੀ ਦਾ ਜਨਮ ਦਿਹਾੜਾ ਮਨਾਇਆ। ਸਮਾਗਮ ਦੌਰਾਨ ਮਾਹੌਲ ਪੂਰੀ ਤਰ੍ਹਾਂ ਭਗਤੀ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ ਹਰ ਪਾਸੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਸੀ।

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਮੰਦਰ ਵਿੱਚ ਨਤਮਸਤਕ ਹੋ ਕੇ ਬਜਰੰਗ ਬਲੀ ਜੀ ਦਾ ਆਸ਼ੀਰਵਾਦ ਲਿਆ। ਉਨ੍ਹਾਂ ਨੇ ਸੂਬੇ ਅਤੇ ਦੇਸ਼ ਦੀ ਖੁਸ਼ਹਾਲੀ, ਅਮਨ-ਚੈਨ ਅਤੇ ਤਰੱਕੀ ਲਈ ਵਿਸ਼ੇਸ਼ ਅਰਦਾਸ ਵੀ ਕੀਤੀ। ਨਾਲ ਹੀ ਉਨ੍ਹਾਂ ਨੇ ਮੰਦਰ ਵਿੱਚ ਚੱਲ ਰਹੀ ਭਜਨ-ਕੀਰਤਨ ਸੇਵਾ ਵਿੱਚ ਭਾਗ ਲਿਆ।

ਉਨ੍ਹਾਂ ਨੇ ਸਮੂਹ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਕਿਹਾ ਕਿ ਬਜਰੰਗ ਬਲੀ ਜੀ ਸਭ ‘ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਹਰ ਘਰ ਵਿੱਚ ਸੁੱਖ-ਸ਼ਾਂਤੀ, ਸਿਹਤ ਅਤੇ ਖੁਸ਼ਹਾਲੀ ਬਖ਼ਸ਼ਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਾਨੂੰ ਆਤਮਿਕ ਤਾਕਤ ਦੇਣ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ।ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਧਾਰਮਿਕ ਤਿਉਹਾਰ ਸਾਡੀ ਸਾਂਝੀ ਵਿਰਾਸਤ ਦਾ ਅਹਿਮ ਹਿੱਸਾ ਹਨ, ਜੋ ਸਮਾਜ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।

ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਜੇਹੇ ਪਾਵਨ ਦਿਹਾੜੇ ਸਾਨੂੰ ਆਪਸੀ ਪਿਆਰ, ਸਤਿਕਾਰ ਅਤੇ ਸਹਿਯੋਗ ਨਾਲ ਜੀਵਨ ਜੀਊਣ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੇ ਸਭ ਨੂੰ ਆਪਣੇ ਸੱਭਿਆਚਾਰਕ ਅਤੇ ਧਾਰਮਿਕ ਮੁੱਲਾਂ ਨੂੰ ਸਾਂਭ ਕੇ ਰੱਖਣ ਦੀ ਅਪੀਲ ਕੀਤੀ।

ਅੰਤ ਵਿੱਚ, ਕੈਬਨਿਟ ਮੰਤਰੀ ਨੇ ਸਮਾਗਮ ਦੇ ਆਯੋਜਕਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਹਮੇਸ਼ਾਂ ਲੋਕ ਭਲਾਈ ਅਤੇ ਵਿਕਾਸ ਲਈ ਸਮਰਪਿਤ ਰਹਿਣਗੇ। ਇਸ ਮੌਕੇ ਸੰਗਤਾਂ ਨੇ ਵੀ ਕੈਬਨਿਟ ਮੰਤਰੀ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਹਾਜ਼ਰੀ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸਿਆ।

Leave a Reply

Your email address will not be published. Required fields are marked *