
ਮਿਡਲ ਈਸਟ ਵਿੱਚ ਬਣੀ ਤਾਜ਼ਾ ਜੰਗੀ ਸਥਿਤੀ ਸਬੰਧੀ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਖ਼ਬਰਾਂ ਨੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅਚਾਨਕ ਪੈਟਰੋਲ ਪੰਪਾਂ ‘ਤੇ ਭਾਰੀ ਭੀੜ ਵੇਖਣ ਨੂੰ ਮਿਲੀ। ਜੰਗੀ ਤਣਾਅ ਅਤੇ ਤੇਲ ਸਪਲਾਈ ਪ੍ਰਭਾਵਿਤ ਹੋਣ ਦੇ ਡਰ ਕਾਰਨ ਲੋਕ ਵੱਡੀ ਗਿਣਤੀ ਵਿੱਚ ਆਪਣੇ ਵਾਹਨਾਂ ਵਿੱਚ ਪੈਟਰੋਲ ਤੇ ਡੀਜ਼ਲ ਭਰਵਾਉਣ ਲਈ ਪੰਪਾਂ ‘ਤੇ ਪਹੁੰਚ ਰਹੇ ਹਨ। ਕਈ ਥਾਵਾਂ ‘ਤੇ ਕਾਰਾਂ ਅਤੇ ਮੋਟਰਸਾਈਕਲਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਕੁਝ ਲੋਕਾਂ ਨੇ ਤਾਂ ਡਰੰਮਾਂ, ਕੈਨੀਆਂ ਅਤੇ ਹੋਰ ਬਰਤਨਾਂ ਵਿੱਚ ਵੀ ਤੇਲ ਭਰਵਾ ਕੇ ਸਟੋਰ ਕਰਨਾ ਸ਼ੁਰੂ ਕਰ ਦਿੱਤਾ। ਪੰਪਾਂ ‘ਤੇ ਬਣੀ ਇਸ ਅਚਾਨਕ ਭੀੜ ਨੂੰ ਸੰਭਾਲਣਾ ਕਰਮਚਾਰੀਆਂ ਲਈ ਵੀ ਚੁਣੌਤੀਪੂਰਨ ਬਣ ਗਿਆ। ਲੋਕਾਂ ਨੂੰ ਡਰ ਹੈ ਕਿ ਕਿਤੇ ਆਉਣ ਵਾਲੇ ਦਿਨਾਂ ਵਿੱਚ ਤੇਲ ਦੀ ਕਮੀ ਨਾ ਆ ਜਾਵੇ ਜਾਂ ਕੀਮਤਾਂ ਵਿੱਚ ਅਚਾਨਕ ਵਾਧਾ ਨਾ ਹੋ ਜਾਵੇ।
ਇਸ ਚਿੰਤਾ ਨੂੰ ਹੋਰ ਵਾਧਾ ਉਸ ਵੇਲੇ ਮਿਲਿਆ ਜਦੋਂ ਇਰਾਨ ਵੱਲੋਂ ਸਮੁੰਦਰੀ ਰਸਤੇ ਕਈ ਦੇਸ਼ਾਂ—ਭਾਰਤ ਸਮੇਤ—ਨੂੰ ਆਉਣ ਵਾਲੇ ਕੱਚੇ ਤੇਲ ਦੇ ਜਹਾਜ਼ਾਂ ‘ਤੇ ਹਮਲਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਸ ਨਾਲ ਲੋਕਾਂ ਵਿੱਚ ਇਹ ਭਾਵਨਾ ਬਣੀ ਕਿ ਸ਼ਾਇਦ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।
ਹਾਲਾਂਕਿ ਇਸ ਮਾਮਲੇ ਵਿੱਚ ਭਾਰਤ ਸਰਕਾਰ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। ਸਰਕਾਰ ਦੇ ਸੂਤਰਾਂ ਅਨੁਸਾਰ, ਮੌਜੂਦਾ ਅੰਤਰਰਾਸ਼ਟਰੀ ਤਣਾਅ ਦੇ ਬਾਵਜੂਦ ਦੇਸ਼ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਸਰਕਾਰ ਨੇ ਦੱਸਿਆ ਕਿ ਭਾਰਤ ਕੋਲ ਲਗਭਗ 25 ਦਿਨਾਂ ਦਾ ਕੱਚੇ ਤੇਲ ਦਾ ਅਤੇ ਹੋਰ 25 ਦਿਨਾਂ ਲਈ ਪੈਟਰੋਲ, ਡੀਜ਼ਲ, ਏਟੀਐਫ ਆਦਿ ਊਰਜਾ ਉਤਪਾਦਾਂ ਦਾ ਪ੍ਰਚੁਰ ਭੰਡਾਰ ਮੌਜੂਦ ਹੈ।
ਇਸ ਤੋਂ ਇਲਾਵਾ, ਐਲਪੀਜੀ ਅਤੇ ਐਲਐਨਜੀ ਦੇ ਮੁੱਖ ਸਪਲਾਇਰਾਂ ਨਾਲ ਲਗਾਤਾਰ ਸੰਪਰਕ ਬਣਾਇਆ ਰੱਖਿਆ ਗਿਆ ਹੈ। ਜੇਕਰ ਕਤਰ ਤੋਂ ਸਪਲਾਈ ਪ੍ਰਭਾਵਿਤ ਵੀ ਹੋਵੇ, ਤਾਂ ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਹੋਰ ਦੇਸ਼ਾਂ ਤੋਂ ਵਿਕਲਪ ਉਪਲਬਧ ਹਨ। ਅਮਰੀਕਾ ਤੋਂ ਭੀ ਕੁੱਲ ਆਯਾਤ ਦਾ ਲਗਭਗ 10 ਫੀਸਦੀ ਹਿੱਸਾ ਪਹਿਲਾਂ ਹੀ ਪ੍ਰਾਪਤ ਕੀਤਾ ਜਾ ਰਿਹਾ ਹੈ।
ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ ਉਤਾਰ-ਚੜ੍ਹਾਅ ਹੋ ਸਕਦਾ ਹੈ, ਪਰ ਪੈਟਰੋਲ ਦੀ ਕੀਮਤ ₹82 ਤੋਂ ₹85 ਪ੍ਰਤੀ ਲੀਟਰ ਦੇ ਆਸ-ਪਾਸ ਸਥਿਰ ਰਹਿਣ ਦੀ ਸੰਭਾਵਨਾ ਹੈ। ਮੌਜੂਦਾ ਹਾਲਾਤਾਂ ਦਾ ਖਪਤਕਾਰ ਕੀਮਤਾਂ ‘ਤੇ ਕੋਈ ਵੱਡਾ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਭੰਡਾਰ ਮਜ਼ਬੂਤ ਹਨ ਅਤੇ ਵਿਕਲਪਕ ਸਰੋਤਾਂ ਰਾਹੀਂ ਸਪਲਾਈ ਯਕੀਨੀ ਬਣਾਈ ਗਈ ਹੈ, ਇਸ ਲਈ ਆਮ ਜਨਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
