
ਨਵੀਂ ਦਿੱਲੀ, 5 ਅਪ੍ਰੈਲ 2026: ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਦੇ ਦਰਮਿਆਨ, ਏਅਰ ਇੰਡੀਆ ਨੇ ਇਜ਼ਰਾਈਲ ਲਈ ਆਪਣੀਆਂ ਉਡਾਣਾਂ 31 ਮਈ ਤੱਕ ਅਸਥਾਈ ਤੌਰ ‘ਤੇ ਰੱਦ ਕਰ ਦਿੱਤੀਆਂ ਹਨ। ਜ਼ਿਆਦਾਤਰ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਵੀ ਤੇਲ ਅਵੀਵ ਲਈ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ, ਜਦਕਿ ਕੁਝ ਇਜ਼ਰਾਈਲੀ ਏਅਰਲਾਈਨਾਂ ਜਿਵੇਂ ਐਲ ਅਲ, ਇਸਟਰਾ ਏਅਰ, ਅਰਕੀਆ ਅਤੇ ਏਅਰ ਹਾਈਫਾ ਹੀ ਕੜੀਆਂ ਪਾਬੰਦੀਆਂ ਹੇਠ ਸੇਵਾਵਾਂ ਚਲਾ ਰਹੀਆਂ ਹਨ।
ਏਅਰ ਇੰਡੀਆ ਦੇ ਇੱਕ ਅਧਿਕਾਰੀ ਮੁਤਾਬਕ, ਨਵੀਂ ਦਿੱਲੀ–ਤੇਲ ਅਵੀਵ ਰੂਟ ‘ਤੇ ਉਡਾਣਾਂ 31 ਮਈ ਤੱਕ ਮੁਅੱਤਲ ਰਹਿਣਗੀਆਂ। ਇਸ ਫੈਸਲੇ ਨਾਲ ਇਜ਼ਰਾਈਲ ਵਿੱਚ ਰਹਿੰਦੇ 40,000 ਤੋਂ ਵੱਧ ਭਾਰਤੀਆਂ ਵਿੱਚ ਚਿੰਤਾ ਵਧ ਗਈ ਹੈ, ਜੋ ਮੌਜੂਦਾ ਤਣਾਅ ਭਰੇ ਹਾਲਾਤਾਂ ਤੋਂ ਬਚਣ ਜਾਂ ਪੇਸ਼ਾਵਰ ਕਾਰਨਾਂ ਕਰਕੇ ਭਾਰਤ ਵਾਪਸ ਆਉਣਾ ਚਾਹੁੰਦੇ ਹਨ।
ਇਜ਼ਰਾਈਲ ਛੱਡਣ ਦੇ ਇੱਛੁਕ ਭਾਰਤੀਆਂ ਨੂੰ ਹੁਣ ਜ਼ਮੀਨੀ ਸਰਹੱਦ ਰਾਹੀਂ ਜਾਰਡਨ ਜਾਂ ਮਿਸਰ ਰਾਹੀਂ ਯਾਤਰਾ ਕਰਨੀ ਪਵੇਗੀ। ਤੇਲ ਅਵੀਵ ਵਿੱਚ ਸਥਿਤ ਭਾਰਤੀ ਦੂਤਾਵਾਸ ਵੱਖ-ਵੱਖ ਵਿਕਲਪਾਂ ਰਾਹੀਂ ਯਾਤਰਾ ਕਰਨ ਦੇ ਚਾਹਵਾਨਾਂ ਦੀ ਮਦਦ ਕਰ ਰਿਹਾ ਹੈ ਅਤੇ ਭਾਰਤੀ ਭਾਈਚਾਰੇ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਇਸ ਦੌਰਾਨ, ਰਾਜਦੂਤ ਜੇਪੀ ਸਿੰਘ ਅਤੇ ਦੂਤਾਵਾਸ ਦੀ ਟੀਮ ਨੇ ਸ਼ਨੀਵਾਰ ਨੂੰ ਇਜ਼ਰਾਈਲ ਵਿੱਚ ਮੌਜੂਦ ਭਾਰਤੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਨਾਲ ਵਰਚੁਅਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।
