Saturday, May 23Punjabi People

4ਜੀ/5ਜੀ ਟੈਲੀਕਾਮ ਢਾਂਚੇ ਨਾਲ ਸੰਬੰਧਿਤ ਚੋਰੀਆਂ ਖ਼ਿਲਾਫ਼ ਪੰਜਾਬ ਪੁਲਿਸ ਦੀ ਸਖ਼ਤ ਕਾਰਵਾਈ ਜਾਰੀ, ਜਿਸ ਤਹਿਤ 17 ਹੋਰ ਦੋਸ਼ੀ ਕੀਤੇ ਗ੍ਰਿਫ਼ਤਾਰ

ਚੰਡੀਗੜ੍ਹ, 9 ਫਰਵਰੀ 2026: ਭਾਰਤੀ ਏਅਰਟੈੱਲ ਲਿਮਟਿਡ ਨੂੰ ਨਿਸ਼ਾਨਾ ਬਣਾਉਂਦਿਆਂ 4ਜੀ/5ਜੀ ਟੈਲੀਕਾਮ ਬੁਨਿਆਦੀ ਢਾਂਚੇ ਨਾਲ ਜੁੜੀਆਂ ਚੋਰੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਆਪਕ ਅਤੇ ਲਗਾਤਾਰ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੇ 17 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਸੂਬੇ ਭਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 126 ਹੋ ਗਈ ਹੈ, ਜਦਕਿ 140 ਐਫਆਈਆਰਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਫੈਸਲਾਕੁੰਨ ਕਾਰਵਾਈਆਂ ਸਦਕਾ ਅਹਿਮ ਜਨਤਕ ਟੈਲੀਕਾਮ ਸੇਵਾਵਾਂ ਨੂੰ ਨਿਰੰਤਰ ਚਾਲੂ ਰੱਖਿਆ ਗਿਆ ਹੈ।

4ਜੀ/5ਜੀ ਟੈਲੀਕਾਮ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਚੋਰੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ। ਇੰਸਪੈਕਟਰ ਜਨਰਲ ਆਫ਼ ਪੁਲਿਸ ਰਾਜਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਐਸਆਈਟੀ ਨੇ ਜ਼ਿਲ੍ਹਾ ਪੁਲਿਸ ਇਕਾਈਆਂ ਨਾਲ ਸਾਂਝੀ ਤੌਰ ’ਤੇ ਕੰਮ ਕਰਦਿਆਂ ਦੋਸ਼ੀਆਂ ਦੀ ਪਛਾਣ, ਗ੍ਰਿਫ਼ਤਾਰੀ ਅਤੇ ਚੋਰੀ ਕੀਤੇ ਗਏ ਸਾਜ਼ੋ-ਸਾਮਾਨ ਦੀ ਬਰਾਮਦਗੀ ਯਕੀਨੀ ਬਣਾਈ।

ਐਸਆਈਟੀ ਦੇ ਚੇਅਰਮੈਨ ਆਈਜੀਪੀ ਰਾਜਪਾਲ ਸੰਧੂ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਖਾਸ ਤੌਰ ’ਤੇ ਉੱਚ ਮੁੱਲ ਵਾਲੇ ਜੀਯੂਸੀ-1 ਕਾਰਡ (ਬੇਸ ਬੈਂਡ ਯੂਨਿਟ) ਚੋਰੀ ਕੀਤੇ ਗਏ, ਜੋ 4ਜੀ ਅਤੇ 5ਜੀ ਨੈੱਟਵਰਕ ਸਿਗਨਲਾਂ ਦੇ ਸੰਚਾਰ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਚੋਰੀ ਦੀ ਇਹ ਕਾਰਵਾਈ ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਅੰਜਾਮ ਦਿੱਤੀ ਗਈ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦੇ ਸਨ। ਇਨ੍ਹਾਂ ਚੋਰੀਆਂ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਦੂਰਸੰਚਾਰ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ, ਜਿਸ ਨਾਲ ਲੋਕਾਂ ਨੂੰ ਜ਼ਰੂਰੀ ਵਾਇਸ ਅਤੇ ਡੇਟਾ ਸਹੂਲਤਾਂ ਤੋਂ ਵਾਂਝੇ ਰਹਿਣਾ ਪਿਆ।

ਉਨ੍ਹਾਂ ਹੋਰ ਦੱਸਿਆ ਕਿ ਤਕਨੀਕੀ ਨਿਗਰਾਨੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਪੰਜਾਬ ਪੁਲਿਸ ਨੇ ਇਨ੍ਹਾਂ ਚੋਰੀਆਂ ਨਾਲ ਜੁੜੇ ਨੈੱਟਵਰਕਾਂ ਨੂੰ ਸਫਲਤਾਪੂਰਵਕ ਨਿਸ਼ਕ੍ਰਿਆ ਕਰ ਦਿੱਤਾ ਹੈ। ਮਾਮਲੇ ਨਾਲ ਜੁੜੀਆਂ ਅੱਗੇ-ਪਿੱਛੇ ਦੀਆਂ ਕੜੀਆਂ ਜੋੜਨ ਅਤੇ ਪੂਰੇ ਅਪਰਾਧਿਕ ਗਿਰੋਹ ਨੂੰ ਬੇਨਕਾਬ ਕਰਨ ਲਈ ਹੋਰ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਤੱਤਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਤੁਰੰਤ ਬੰਦ ਕੀਤੀਆਂ ਜਾਣ, ਨਹੀਂ ਤਾਂ ਕਾਨੂੰਨ ਅਨੁਸਾਰ ਕੜੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *