Thursday, October 22Punjabi People

ਏਸ਼ੀਅਨ ਗੇਮਜ਼ 2026 ’ਚ ਗੁਲਵੀਰ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ, ਲਗਾਤਾਰ ਦੂਜਾ ਸਿਲਵਰ ਮੈਡਲ ਜਿੱਤਿਆ

ਨਵੀਂ ਦਿੱਲੀ, 28 ਸਤੰਬਰ 2026: ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਐਥਲੀਟ ਗੁਲਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜਾ ਸਿਲਵਰ ਮੈਡਲ ਆਪਣੇ ਨਾਮ ਕਰ ਲਿਆ ਹੈ। 10,000 ਮੀਟਰ ਰੇਸ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਗੁਲਵੀਰ ਨੇ ਹੁਣ 1500 ਮੀਟਰ ਰੇਸ ਵਿੱਚ ਵੀ ਸਿਲਵਰ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਤਗਮਾ ਪਾਇਆ ਹੈ।

ਗੁਲਵੀਰ ਨੇ 1500 ਮੀਟਰ ਦੀ ਰੇਸ 3:36.72 ਮਿੰਟ ਵਿੱਚ ਪੂਰੀ ਕੀਤੀ ਅਤੇ ਇਸ ਦੇ ਨਾਲ ਹੀ ਆਪਣਾ ਪਰਸਨਲ ਬੈਸਟ ਵੀ ਦਰਜ ਕੀਤਾ। ਲਗਾਤਾਰ ਦੋ ਈਵੈਂਟਾਂ ਵਿੱਚ ਤਗਮੇ ਜਿੱਤਣਾ ਉਨ੍ਹਾਂ ਦੇ ਸ਼ਾਨਦਾਰ ਫਾਰਮ ਅਤੇ ਨਿਰੰਤਰ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ।

ਫੌਜ ’ਚ ਭਰਤੀ ਹੋਣ ਲਈ ਸ਼ੁਰੂ ਕੀਤੀ ਸੀ ਰਨਿੰਗ

ਗੁਲਵੀਰ ਸਿੰਘ ਦਾ ਜਨਮ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਸਿਰਸਾ ਪਿੰਡ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕਿਸਾਨ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਲਗਭਗ 700 ਲੋਕ ਫੌਜ ਵਿੱਚ ਸੇਵਾ ਨਿਭਾ ਰਹੇ ਹਨ। ਗੁਲਵੀਰ ਨੇ ਵੀ ਫੌਜ ਵਿੱਚ ਭਰਤੀ ਹੋਣ ਦੇ ਉਦੇਸ਼ ਨਾਲ ਦੌੜਨਾ ਸ਼ੁਰੂ ਕੀਤਾ ਸੀ।

ਸਾਲ 2018 ਵਿੱਚ ਗੁਲਵੀਰ ਸਿੰਘ ਸਪੋਰਟਸ ਕੋਟੇ ਰਾਹੀਂ ਭਾਰਤੀ ਫੌਜ ਵਿੱਚ ਭਰਤੀ ਹੋਏ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਐਥਲੈਟਿਕ ਪ੍ਰਤਿਭਾ ਨੂੰ ਨਵਾਂ ਮੰਚ ਮਿਲਿਆ।

ਅਰੁਣਾਚਲ ਪ੍ਰਦੇਸ਼ ’ਚ ਸਾਹਮਣੇ ਆਇਆ ਟੈਲੈਂਟ

ਗੁਲਵੀਰ ਸਿੰਘ ਦੀ ਖੇਡ ਯਾਤਰਾ ਵਿੱਚ ਅਰੁਣਾਚਲ ਪ੍ਰਦੇਸ਼ ਦੀ ਪਹਿਲੀ ਪੋਸਟਿੰਗ ਨੂੰ ਅਹਿਮ ਮੋੜ ਮੰਨਿਆ ਜਾਂਦਾ ਹੈ। ਉੱਥੇ ਉਨ੍ਹਾਂ ਨੇ ਬਿਨਾਂ ਕਿਸੇ ਵਿਸ਼ੇਸ਼ ਟ੍ਰੇਨਿੰਗ ਦੇ 12 ਕਿਲੋਮੀਟਰ ਦੀ ਕ੍ਰਾਸ-ਕੰਟਰੀ ਰੇਸ ਜਿੱਤ ਲਈ। ਇਸ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਦੇ ਦੌੜ ਦੇ ਹੁਨਰ ਨੂੰ ਪਛਾਣ ਮਿਲੀ ਅਤੇ ਉਨ੍ਹਾਂ ਦੀ ਐਥਲੈਟਿਕ ਯਾਤਰਾ ਨੇ ਰਫ਼ਤਾਰ ਫੜੀ।

ਏਸ਼ੀਅਨ ਗੇਮਜ਼ ਤੋਂ ਕਾਮਨਵੈਲਥ ਗੇਮਜ਼ ਤੱਕ ਤਗਮਿਆਂ ਦੀ ਲੜੀ

ਗੁਲਵੀਰ ਸਿੰਘ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਲਈ ਤਗਮੇ ਜਿੱਤ ਚੁੱਕੇ ਹਨ। 2022 ਦੀਆਂ ਏਸ਼ੀਅਨ ਗੇਮਜ਼ ਵਿੱਚ ਉਨ੍ਹਾਂ ਨੇ 10,000 ਮੀਟਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਹ ਦੋ ਸੋਨ ਤਗਮੇ ਵੀ ਜਿੱਤ ਚੁੱਕੇ ਹਨ।

ਕਾਮਨਵੈਲਥ ਗੇਮਜ਼ 2026 ਵਿੱਚ ਵੀ ਗੁਲਵੀਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10,000 ਮੀਟਰ ਵਿੱਚ ਸਿਲਵਰ ਅਤੇ 5,000 ਮੀਟਰ ਵਿੱਚ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤਾ ਸੀ।

ਹੁਣ ਏਸ਼ੀਅਨ ਗੇਮਜ਼ 2026 ਵਿੱਚ 10,000 ਮੀਟਰ ਅਤੇ 1500 ਮੀਟਰ ਵਿੱਚ ਦੋ ਸਿਲਵਰ ਮੈਡਲ ਜਿੱਤ ਕੇ ਗੁਲਵੀਰ ਸਿੰਘ ਨੇ ਆਪਣੀ ਅੰਤਰਰਾਸ਼ਟਰੀ ਤਗਮਾ ਸੂਚੀ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਜੋੜ ਲਈ ਹੈ।

Leave a Reply

Your email address will not be published. Required fields are marked *