Saturday, November 7Punjabi People

ਕੈਨੇਡਾ ’ਚ ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਗੋਲੀਬਾਰੀ ਮਾਮਲੇ ’ਚ ਵੱਡੀ ਕਾਰਵਾਈ, ਦੋ ਮੁਲਜ਼ਮ ਗ੍ਰਿਫ਼ਤਾਰ

ਓਟਾਵਾ, 7 ਨਵੰਬਰ 2026: ਕੈਨੇਡਾ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕਈ ਦੋਸ਼ ਆਇਦ ਕੀਤੇ ਹਨ। ਪੁਲਿਸ ਮੁਤਾਬਕ ਇਹ ਮਾਮਲਾ ਫਿਰੌਤੀ ਨਾਲ ਜੁੜੀਆਂ ਗਤੀਵਿਧੀਆਂ ਨਾਲ ਸਬੰਧਤ ਹੈ।

ਇਹ ਗੋਲੀਬਾਰੀ 16 ਅਕਤੂਬਰ 2025 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸਥਿਤ ਕਪਿਲ ਸ਼ਰਮਾ ਦੇ ਰੈਸਟੋਰੈਂਟ ਵਿੱਚ ਹੋਈ ਸੀ। ਦੱਸਿਆ ਜਾਂਦਾ ਹੈ ਕਿ ਜੁਲਾਈ 2025 ਵਿੱਚ ਰੈਸਟੋਰੈਂਟ ਖੁੱਲ੍ਹਣ ਤੋਂ ਬਾਅਦ ਉੱਥੇ ਗੋਲੀਬਾਰੀ ਦੀ ਇਹ ਤੀਜੀ ਘਟਨਾ ਸੀ, ਜਿਸ ਕਾਰਨ ਇਲਾਕੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਸੀ।

22 ਸਾਲਾ ਦੋ ਨੌਜਵਾਨ ਗ੍ਰਿਫ਼ਤਾਰ

RCMP ਵੱਲੋਂ ਸ਼ੁੱਕਰਵਾਰ ਨੂੰ ਜਾਰੀ ਜਾਣਕਾਰੀ ਅਨੁਸਾਰ, ਪੁਲਿਸ ਨੇ 1 ਨਵੰਬਰ ਨੂੰ 22 ਸਾਲਾ ਪ੍ਰਦੀਪ ਸਿੰਘ ਅਤੇ ਸਵੀਰ ਖਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਵਾਂ ਨੂੰ 16 ਅਕਤੂਬਰ ਨੂੰ ਕਪਿਲ ਸ਼ਰਮਾ ਦੇ ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ ਤੋਂ ਇਲਾਵਾ ਇੱਕ ਹੋਰ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਮਾਮਲੇ ਵਿੱਚ ਵੀ ਮੁਲਜ਼ਮ ਬਣਾਇਆ ਗਿਆ ਹੈ।

ਪੁਲਿਸ ਅਨੁਸਾਰ, ਦੋਵੇਂ ਘਟਨਾਵਾਂ ਦੇ ਤਾਰ ਕਥਿਤ ਫਿਰੌਤੀ ਦੀਆਂ ਗਤੀਵਿਧੀਆਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਰੈਸਟੋਰੈਂਟ ਬੰਦ ਹੋਣ ਦੇ ਬਾਵਜੂਦ ਅੰਦਰ ਮੌਜੂਦ ਸਨ ਦੋ ਕਰਮਚਾਰੀ

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, 16 ਅਕਤੂਬਰ 2025 ਨੂੰ 120 ਸਟ੍ਰੀਟ ਦੇ 8400 ਬਲਾਕ ਵਿੱਚ ਸਥਿਤ ਇੱਕ ਕੈਫੇ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਘਟਨਾ ਸਮੇਂ ਰੈਸਟੋਰੈਂਟ ਬੰਦ ਸੀ, ਪਰ ਅੰਦਰ ਦੋ ਕਰਮਚਾਰੀ ਮੌਜੂਦ ਸਨ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕੋਈ ਵੀ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ।

12 ਅਕਤੂਬਰ ਨੂੰ ਵੀ ਰਿਹਾਇਸ਼ੀ ਇਲਾਕੇ ਵਿੱਚ ਹੋਈ ਸੀ ਗੋਲੀਬਾਰੀ

ਇਸ ਮਾਮਲੇ ਨਾਲ ਜੁੜੀ ਦੂਜੀ ਘਟਨਾ 12 ਅਕਤੂਬਰ 2025 ਨੂੰ ਵਾਪਰੀ ਸੀ। ਉਸ ਦਿਨ ਸਰੀ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਇਸ ਘਟਨਾ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ ਸੀ।

RCMP ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਵਿਰੁੱਧ 12 ਅਤੇ 16 ਅਕਤੂਬਰ ਨੂੰ ਵਾਪਰੀਆਂ ਦੋਵਾਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਘਟਨਾਵਾਂ ਦੇ ਪਿੱਛੇ ਮੌਜੂਦ ਲੋਕਾਂ ਅਤੇ ਕਥਿਤ ਫਿਰੌਤੀ ਨੈੱਟਵਰਕ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।

Leave a Reply

Your email address will not be published. Required fields are marked *