Wednesday, July 29Punjabi People

“ਮੈਨੂੰ ਹਰਿਆਣਾ ਦਾ ਪੁੱਤ ਸਮਝ ਕੇ ਮਾਫ਼ ਕਰ ਦਿਓ,” ਬਾਦਸ਼ਾਹ ਨੇ ਵੀਡੀਓ ਸਾਂਝੀ ਕਰਕੇ ਮੰਗੀ ਮਾਫ਼ੀ

ਨਵੀਂ ਦਿੱਲੀ: ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਆਪਣੇ ਨਵੇਂ ਹਰਿਆਣਵੀ ਗੀਤ “ਟਟੀਰੀ” ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਗਾਣੇ ਦੇ ਕੁਝ ਬੋਲਾਂ ‘ਤੇ ਲੋਕਾਂ ਵੱਲੋਂ ਇਤਰਾਜ਼ ਜਤਾਉਣ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਚਰਚਾ ਵਿੱਚ ਆ ਗਿਆ। ਵਿਰੋਧ ਵਧਣ ਨਾਲ ਮਾਮਲਾ ਐਫਆਈਆਰ ਤੱਕ ਪਹੁੰਚ ਗਿਆ ਅਤੇ ਹਰਿਆਣਾ ਪੁਲਿਸ ਨੇ ਗਾਇਕ ਖ਼ਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ। ਸਥਿਤੀ ਗੰਭੀਰ ਹੋਣ ‘ਤੇ ਬਾਦਸ਼ਾਹ ਨੇ ਲੋਕਾਂ ਤੋਂ ਮਾਫ਼ੀ ਮੰਗੀ ਹੈ ਅਤੇ ਕਿਹਾ ਕਿ ਉਹ ਆਪਣੇ ਸੰਗੀਤ ਰਾਹੀਂ ਸਿਰਫ਼ ਮਨੋਰੰਜਨ ਕਰਨਾ ਚਾਹੁੰਦਾ ਹੈ, ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਉਸਦਾ ਕੋਈ ਇਰਾਦਾ ਨਹੀਂ ਸੀ।

ਬਾਦਸ਼ਾਹ ਨੇ ਗੀਤ ਦੇ ਬੋਲਾਂ ਅਤੇ ਵਿਜ਼ੂਅਲਜ਼ ਨੂੰ ਲੈ ਕੇ ਪੈਦਾ ਹੋਏ ਵਿਵਾਦ ਲਈ ਜਨਤਕ ਤੌਰ ‘ਤੇ ਮਾਫ਼ੀ ਮੰਗੀ। ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਉਸਨੇ ਕਿਹਾ ਕਿ ਗਾਣੇ ਦੇ ਇੱਕ ਹਿੱਸੇ ਨੇ ਕਈ ਲੋਕਾਂ, ਖ਼ਾਸ ਕਰਕੇ ਹਰਿਆਣਾ ਦੇ ਵਸਨੀਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਉਸਨੇ ਇਹ ਵੀ ਸਪਸ਼ਟ ਕੀਤਾ ਕਿ ਉਸਦਾ ਕਦੇ ਵੀ ਕਿਸੇ ਨੂੰ ਨਾਰਾਜ਼ ਕਰਨ ਜਾਂ ਕਿਸੇ ਔਰਤ ਜਾਂ ਬੱਚੇ ਬਾਰੇ ਨਕਾਰਾਤਮਕ ਗੱਲ ਕਹਿਣ ਦਾ ਇਰਾਦਾ ਨਹੀਂ ਸੀ। ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਵੀਡੀਓ ਵਿੱਚ ਬਾਦਸ਼ਾਹ ਨੇ ਕਿਹਾ, “ਸਤ ਸ੍ਰੀ ਅਕਾਲ ਦੋਸਤੋ, ਮੈਂ ਬਾਦਸ਼ਾਹ ਹਾਂ। ਮੇਰਾ ਨਵਾਂ ਗੀਤ ‘ਟਟੀਰੀ’ ਰਿਲੀਜ਼ ਹੋਇਆ ਹੈ ਅਤੇ ਮੈਂ ਦੇਖਿਆ ਕਿ ਇਸਦੇ ਇੱਕ ਹਿੱਸੇ ਦੇ ਬੋਲਾਂ ਅਤੇ ਵਿਜ਼ੂਅਲਜ਼ ਕਾਰਨ ਕਈ ਲੋਕਾਂ ਨੂੰ, ਖ਼ਾਸ ਕਰਕੇ ਮੇਰੇ ਜੱਦੀ ਰਾਜ ਹਰਿਆਣਾ ਦੇ ਲੋਕਾਂ ਨੂੰ, ਠੇਸ ਪਹੁੰਚੀ ਹੈ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਹਰਿਆਣਾ ਨਾਲ ਹੀ ਸਬੰਧਤ ਹਾਂ। ਮੇਰੀ ਬੋਲੀ, ਖਾਣ-ਪੀਣ ਦੀਆਂ ਆਦਤਾਂ, ਜੀਵਨ ਸ਼ੈਲੀ ਅਤੇ ਮੇਰੀ ਪਛਾਣ ਹਰਿਆਣਾ ਨਾਲ ਜੁੜੀ ਹੋਈ ਹੈ ਅਤੇ ਮੈਨੂੰ ਹਰਿਆਣਵੀ ਹੋਣ ‘ਤੇ ਮਾਣ ਹੈ।”

ਉਸਨੇ ਅੱਗੇ ਕਿਹਾ ਕਿ ਹਿਪ-ਹੌਪ ਸੰਗੀਤ ਵਿੱਚ ਕਈ ਵਾਰ ਗੀਤਾਂ ਦੀ ਵਰਤੋਂ ਮੁਕਾਬਲੇਦਾਰਾਂ ‘ਤੇ ਟਿੱਪਣੀ ਕਰਨ ਲਈ ਕੀਤੀ ਜਾਂਦੀ ਹੈ, ਪਰ ਇਹ ਕਿਸੇ ਔਰਤ ਜਾਂ ਬੱਚੇ ਵੱਲ ਇਸ਼ਾਰਾ ਕਰਕੇ ਨਹੀਂ ਸੀ ਅਤੇ ਉਹ ਕਦੇ ਵੀ ਅਜਿਹਾ ਨਹੀਂ ਕਰੇਗਾ। ਉਸਨੇ ਕਿਹਾ ਕਿ ਉਹ ਹਮੇਸ਼ਾ ਹਰਿਆਣਾ ਦੀ ਸੱਭਿਆਚਾਰ ਅਤੇ ਬੋਲੀ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। “ਜੇ ਮੇਰੇ ਕਾਰਨ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਦਿਲੋਂ ਮਾਫ਼ੀ ਮੰਗਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਹਰਿਆਣਾ ਦਾ ਪੁੱਤਰ ਸਮਝ ਕੇ ਮਾਫ਼ ਕਰ ਦਿਓਗੇ।”

ਇਹ ਗੀਤ 1 ਮਾਰਚ 2026 ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਬਾਦਸ਼ਾਹ ਦੇ ਨਾਲ ਸਿਮਰਨ ਜਗਲਾਨ ਵੀ ਨਜ਼ਰ ਆਏ। ਹਰਿਆਣਵੀ ਹਿਪ-ਹੌਪ ਅੰਦਾਜ਼ ਵਿੱਚ ਬਣੇ ਇਸ ਗੀਤ ਨੂੰ ਕੁਝ ਬੋਲਾਂ ਅਤੇ ਸਕੂਲੀ ਵਰਦੀ ਪਹਿਨੀਆਂ ਕੁੜੀਆਂ ਦੇ ਵਿਜ਼ੂਅਲ ਕਾਰਨ ਸੋਸ਼ਲ ਮੀਡੀਆ ‘ਤੇ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੇ ਇਸਨੂੰ ਅਪਮਾਨਜਨਕ ਅਤੇ ਔਰਤਾਂ ਲਈ ਅਸੱਤਿਕਾਰਕ ਦੱਸਿਆ।

ਇਸ ਮਾਮਲੇ ‘ਤੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਵੀ ਸਖ਼ਤ ਰੁਖ ਅਖ਼ਤਿਆਰ ਕਰਦੇ ਹੋਏ ਬਾਦਸ਼ਾਹ ਨੂੰ ਸੰਮਨ ਜਾਰੀ ਕੀਤਾ ਹੈ। ਪੰਚਕੂਲਾ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿੱਚ ਉਸਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਗੀਤ ਦੀ ਵੀਡੀਓ ਯੂਟਿਊਬ ਤੋਂ ਹਟਾ ਦਿੱਤੀ ਗਈ ਹੈ। ਇਸਦੇ ਨਾਲ ਹੀ ਪੁਲਿਸ ਵੱਲੋਂ ਉਸਦੇ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *