Saturday, May 23Punjabi People

ਡੇਰੇ ਚਿੱਟੇ ਨਾਲੋਂ ਵੀ ਵੱਧ ਖ਼ਤਰਨਾਕ, ਲੋਕਾਂ ਦਾ ਕਰਦੇ ਹਨ ਮਾਈਂਡਵਾਸ਼: ਪੰਜਾਬੀ ਗਾਇਕ ਜੱਸੀ ਦਾ ਬਿਆਨ—ਕਰੋੜਾਂ ਰੁਪਏ ਮਿਲਣ ‘ਤੇ ਵੀ ਕਬਰਾਂ ਤੇ ਮਜਾਰਾਂ ‘ਤੇ ਨਹੀਂ ਗਾਵਾਂਗਾ।

ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਨੇ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਸ਼ਬਦ ਕੀਰਤਨ ਕੀਤਾ ਸੀ। ਇਸ ਮਾਮਲੇ ‘ਤੇ ਕੁਝ ਸਿੱਖ ਧਾਰਮਿਕ ਸੰਸਥਾਵਾਂ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੀਰਤਨ ਕਰਨ ਲਈ ਗੁਰਮਤਿ ਮਰਿਆਦਾ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ।

“ਦਿਲ ਲੇ ਗਈ ਕੁੜੀ ਗੁਜਰਾਤ ਦੀ” ਗੀਤ ਨਾਲ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਹਾਲ ਹੀ ਵਿੱਚ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੁਝ ਅਜਿਹੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਜੋ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਗੀਆਂ।

ਜੱਸੀ ਨੇ ਕਿਹਾ ਕਿ ਉਹ ਕਦੇ ਵੀ ਕਬਰਾਂ ਜਾਂ ਮਜਾਰਾਂ ‘ਤੇ ਗਾਉਣ ਨਹੀਂ ਜਾਂਦੇ, ਭਾਵੇਂ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਪੇਸ਼ਕਸ਼ ਹੀ ਕਿਉਂ ਨਾ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡੇਰਿਆਂ ਨੂੰ ਪ੍ਰਮੋਟ ਕਰਨਾ ਚਿੱਟਾ ਵੇਚਣ ਨਾਲੋਂ ਵੀ ਵੱਧ ਖ਼ਤਰਨਾਕ ਹੈ, ਕਿਉਂਕਿ ਉੱਥੇ ਲੋਕਾਂ ਦਾ ਮਾਈਂਡਵਾਸ਼ ਕੀਤਾ ਜਾਂਦਾ ਹੈ।

ਇੰਟਰਵਿਊ ਦੌਰਾਨ ਜਸਬੀਰ ਜੱਸੀ ਨੇ ਦੱਸਿਆ ਕਿ ਲੁਧਿਆਣਾ ਦੇ ਇੱਕ ਬਾਬੇ ਨੇ ਆਪਣੇ ਡੇਰੇ ‘ਤੇ ਲੱਗਣ ਵਾਲੇ ਮੇਲੇ ਵਿੱਚ ਗਾਉਣ ਲਈ ਉਨ੍ਹਾਂ ਨੂੰ ਲਗਭਗ 32 ਤੋਂ 35 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਇਸਨੂੰ ਸਪੱਸ਼ਟ ਤੌਰ ‘ਤੇ ਠੁਕਰਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਵੀ ਕਈ ਗਾਇਕ ਉੱਥੇ ਗਾ ਚੁੱਕੇ ਸਨ ਅਤੇ ਬਾਅਦ ਵਿੱਚ ਵੀ ਕਈ ਗਾਇਕ ਉੱਥੇ ਗਾਉਂਦੇ ਰਹੇ।

ਜੱਸੀ ਦੇ ਮੁਤਾਬਕ ਮੇਲੇ ਤੋਂ ਬਾਅਦ ਉਸ ਬਾਬੇ ਨੇ ਫ਼ੋਨ ਕਰਕੇ ਕਿਹਾ ਕਿ “ਤੁਸੀਂ ਨਹੀਂ ਆਏ, ਮੈਂ ਤੁਹਾਡੇ ਨਾਲੋਂ ਵੀ ਵਧੀਆ ਗਾਇਕ ਲੈ ਆਇਆ।” ਇਸ ‘ਤੇ ਜੱਸੀ ਨੇ ਕਿਹਾ ਕਿ ਇਹ ਉਸ ਦਾ ਨਿੱਜੀ ਅਸੂਲ ਹੈ ਕਿ ਉਹ ਕਬਰਾਂ ਅਤੇ ਮਸਜਿਦਾਂ ‘ਤੇ ਗਾਉਣ ਨਹੀਂ ਜਾਂਦਾ। ਇਸ ਕਰਕੇ ਉਨ੍ਹਾਂ ਨੇ ਉਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਦਾ ਇਹ ਬਿਆਨ ਉਨ੍ਹਾਂ ਗਾਇਕਾਂ ਵੱਲ ਵੀ ਇਸ਼ਾਰਾ ਕਰਦਾ ਹੈ ਜੋ ਡੇਰਿਆਂ ਅਤੇ ਮਜਾਰਾਂ ‘ਤੇ ਲੱਗਣ ਵਾਲੇ ਮੇਲਿਆਂ ਵਿੱਚ ਪਰਫਾਰਮ ਕਰਦੇ ਹਨ।

ਜ਼ਿੰਦਗੀ ਵਿੱਚ ਅਸੂਲ ਸਭ ਤੋਂ ਮਹੱਤਵਪੂਰਨਜਸਬੀਰ ਜੱਸੀ ਨੇ ਕਿਹਾ ਕਿ ਪੈਸਾ ਸਭ ਕੁਝ ਨਹੀਂ ਹੁੰਦਾ, ਜੀਵਨ ਵਿੱਚ ਕੁਝ ਅਸੂਲ ਅਤੇ ਸਿਧਾਂਤ ਵੀ ਹੋਣੇ ਚਾਹੀਦੇ ਹਨ। ਮਨੁੱਖ ਨੂੰ ਅਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਹੈ ਜੋ ਸਮਾਜ ‘ਤੇ ਨਕਾਰਾਤਮਕ ਪ੍ਰਭਾਵ ਪਾਉਣ। ਇਸੇ ਕਾਰਨ ਉਹ ਕਦੇ ਵੀ ਕਬਰਾਂ ਜਾਂ ਮਜਾਰਾਂ ‘ਤੇ ਗਾਉਣ ਨਹੀਂ ਜਾਂਦੇ।

ਉਨ੍ਹਾਂ ਕਿਹਾ ਕਿ ਹਰ ਇਨਸਾਨ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ। ਜੇ ਕੋਈ ਕਹੇ ਕਿ “ਮੈਂ ਤੁਹਾਨੂੰ ਨਸ਼ਾ ਵੇਚਣ ਲਈ ਇੱਕ ਕਰੋੜ ਰੁਪਏ ਦੇਵਾਂਗਾ,” ਤਾਂ ਕੀ ਮੈਂ ਉਹ ਕੰਮ ਕਰਨਾ ਸ਼ੁਰੂ ਕਰ ਦੇਵਾਂਗਾ? ਪੈਸੇ ਨਾਲ ਸਭ ਕੁਝ ਨਹੀਂ ਤੌਲਿਆ ਜਾ ਸਕਦਾ।

ਡੇਰਿਆਂ ਵਿੱਚ ਹੁੰਦਾ ਹੈ ਮਾਈਂਡਵਾਸ਼

ਜੱਸੀ ਨੇ ਕਿਹਾ ਕਿ ਡੇਰਿਆਂ ਵਿੱਚ ਲੋਕਾਂ ਦਾ ਮਾਈਂਡਵਾਸ਼ ਕੀਤਾ ਜਾਂਦਾ ਹੈ ਅਤੇ ਹੌਲੀ-ਹੌਲੀ ਉਹ ਉਸੇ ਤਰ੍ਹਾਂ ਸੋਚਣ ਲੱਗ ਪੈਂਦੇ ਹਨ। ਜੇਕਰ ਅਸੀਂ ਡੇਰਿਆਂ ਨੂੰ ਪ੍ਰਮੋਟ ਕਰਾਂਗੇ ਤਾਂ ਹੋਰ ਲੋਕ ਵੀ ਉਨ੍ਹਾਂ ਨਾਲ ਜੁੜਣਗੇ ਅਤੇ ਹੋਰ ਵੱਧ ਲੋਕਾਂ ਦਾ ਬ੍ਰੇਨਵਾਸ਼ ਹੋਵੇਗਾ, ਜੋ ਸਮਾਜ ਲਈ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਲੁਧਿਆਣਾ ਵਾਲੇ ਬਾਬੇ ਦੇ ਮੇਲੇ ਵਿੱਚ ਗਾਉਣ ਤੋਂ ਇਨਕਾਰ ਕੀਤਾ, ਤਾਂ ਇੱਕ ਵਿਅਕਤੀ ਵਾਰ-ਵਾਰ ਉਨ੍ਹਾਂ ਨੂੰ ਫ਼ੋਨ ਕਰਦਾ ਰਿਹਾ ਅਤੇ ਕਹਿੰਦਾ ਰਿਹਾ ਕਿ “ਤੁਹਾਡੇ ‘ਤੇ ਬਾਬੇ ਦੀ ਬਹੁਤ ਕਿਰਪਾ ਹੋ ਜਾਵੇਗੀ।” ਜੱਸੀ ਨੇ ਕਿਹਾ ਕਿ ਮੈਂ ਉਸਨੂੰ ਕਿਹਾ ਕਿ ਇਹ ਗੱਲ ਰਹਿਣ ਦਿਓ, ਪਰ ਉਹ ਮੰਨਦਾ ਨਹੀਂ ਸੀ ਅਤੇ ਬਾਰ-ਬਾਰ ਕਹਿੰਦਾ ਰਿਹਾ ਕਿ “ਇੱਕ ਵਾਰ ਆ ਜਾਓ, ਤੁਸੀਂ ਹੋਰ ਉੱਚਾਈਆਂ ‘ਤੇ ਪਹੁੰਚ ਜਾਓਗੇ।”ਅਖ਼ੀਰਕਾਰ ਜੱਸੀ ਨੇ ਉਸਨੂੰ ਕਿਹਾ, “ਤੂੰ ਕੌਣ ਹੁੰਦਾ ਹੈ ਕਿਰਪਾ ਕਰਵਾਉਣ ਵਾਲਾ? ਮੇਰੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ। ਮੈਨੂੰ ਕਿਸੇ ਬਾਬੇ ਦੀ ਕਿਰਪਾ ਦੀ ਲੋੜ ਨਹੀਂ।” ਉਨ੍ਹਾਂ ਕਿਹਾ ਕਿ ਲੋਕ ਕਾਫ਼ੀ ਭੋਲੇ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਦੂਰ ਕੀਤਾ ਜਾਂਦਾ ਹੈ।

ਇਸ ਮਾਮਲੇ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਜਸਬੀਰ ਜੱਸੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਪੂਰਾ ਵਿਸ਼ਵਾਸ ਹੈ। ਜੇ ਉਨ੍ਹਾਂ ਦੀ ਕਿਸੇ ਗੱਲ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫ਼ੀ ਮੰਗਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਪੂਰਾ ਸਤਿਕਾਰ ਕਰਨਗੇ। ਬਾਅਦ ਵਿੱਚ ਇਹ ਮਾਮਲਾ ਸ਼ਾਂਤ ਹੋ ਗਿਆ।

Leave a Reply

Your email address will not be published. Required fields are marked *