Wednesday, October 21Punjabi People

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਹਾਰਾਜਾ ਅਗਰਸੇਨ ਜੈਅੰਤੀ ਮੌਕੇ ਭੇਟ ਕੀਤੀ ਸ਼ਰਧਾਂਜਲੀ

ਚੰਡੀਗੜ੍ਹ, 11 ਅਕਤੂਬਰ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮਹਾਰਾਜਾ ਅਗਰਸੇਨ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਮਹਾਰਾਜਾ ਅਗਰਸੇਨ ਨੂੰ ਸਮਾਜਿਕ ਸਮਾਨਤਾ, ਅਹਿੰਸਾ ਅਤੇ ਆਰਥਿਕ ਬਰਾਬਰੀ ਦੇ ਸਿਧਾਂਤਾਂ ਦਾ ਮੋਢੀ ਦੱਸਦਿਆਂ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਸਮਾਜ ਲਈ ਪ੍ਰੇਰਨਾਦਾਇਕ ਕਰਾਰ ਦਿੱਤਾ।

ਆਪਣੇ ਅਧਿਕਾਰਤ ਸੰਦੇਸ਼ ਵਿੱਚ ਸਪੀਕਰ ਸੰਧਵਾਂ ਨੇ ਲੋਕਾਂ ਨੂੰ ਮਹਾਰਾਜਾ ਅਗਰਸੇਨ ਵੱਲੋਂ ਦਰਸਾਏ ਸ਼ਾਂਤੀ, ਆਪਸੀ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦੇ ਰਾਹ ’ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਹਾਰਾਜਾ ਅਗਰਸੇਨ ਦਾ ਜੀਵਨ ਦਇਆ, ਦਿਆਲਤਾ ਅਤੇ ਅਹਿੰਸਾ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦੀ ਮਿਸਾਲ ਹੈ। ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਮਾਜ ਵਿੱਚ ਬਰਾਬਰੀ, ਆਪਸੀ ਸਾਂਝ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਅੱਜ ਵੀ ਪ੍ਰਸੰਗਿਕ ਹੈ।

ਅਗਰਵਾਲ ਭਾਈਚਾਰੇ ਦੇ ਸਮਾਜਿਕ ਅਤੇ ਆਰਥਿਕ ਖੇਤਰਾਂ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਇਸ ਭਾਈਚਾਰੇ ਨੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਸਮਾਜ ਸੇਵਾ, ਲੋਕ ਭਲਾਈ ਅਤੇ ਵਿਕਾਸ ਪ੍ਰਤੀ ਸਮਰਪਣ ਸਦਕਾ ਅਗਰਵਾਲ ਭਾਈਚਾਰੇ ਨੇ ਸਮਾਜ ਵਿੱਚ ਇੱਕ ਵਿਸ਼ੇਸ਼ ਅਤੇ ਸਤਿਕਾਰਯੋਗ ਸਥਾਨ ਬਣਾਇਆ ਹੈ।

ਅੰਤ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮੁੱਚੇ ਅਗਰਵਾਲ ਭਾਈਚਾਰੇ ਨੂੰ ਮਹਾਰਾਜਾ ਅਗਰਸੇਨ ਦੇ ਜਨਮ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਪੰਜਾਬ ਵਿੱਚ ਸ਼ਾਂਤੀ, ਆਪਸੀ ਸਦਭਾਵਨਾ, ਖੁਸ਼ਹਾਲੀ ਅਤੇ ਸਰਬਪੱਖੀ ਵਿਕਾਸ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Leave a Reply

Your email address will not be published. Required fields are marked *