
ਨਵੀਂ ਦਿੱਲੀ 14 ਜਨਵਰੀ 2026: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ਵਿੱਚ ਇਕ ਵਾਰ ਫਿਰ ਨੰਬਰ ਇੱਕ ਬੱਲੇਬਾਜ਼ ਦਾ ਦਰਜਾ ਹਾਸਲ ਕਰ ਲਿਆ ਹੈ। ਤਾਜ਼ਾ ਆਈਸੀਸੀ ਰੈਂਕਿੰਗ ਅਨੁਸਾਰ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡਦਿਆਂ ਸਿਖਰਲਾ ਸਥਾਨ ਆਪਣੇ ਨਾਮ ਕੀਤਾ ਹੈ। ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਦੂਜੇ ਨੰਬਰ ‘ਤੇ ਹਨ, ਜਦਕਿ ਰੋਹਿਤ ਸ਼ਰਮਾ ਤੀਜੇ ਸਥਾਨ ‘ਤੇ ਖਿਸਕ ਗਏ ਹਨ। ਕੋਹਲੀ ਅਤੇ ਮਿਸ਼ੇਲ ਦੇ ਅੰਕਾਂ ਵਿੱਚ ਸਿਰਫ ਇੱਕ ਅੰਕ ਦਾ ਅੰਤਰ ਹੈ—ਕੋਹਲੀ ਦੇ 785 ਅਤੇ ਮਿਸ਼ੇਲ ਦੇ 784 ਅੰਕ ਹਨ।53 ਮਹੀਨਿਆਂ ਬਾਅਦ ਕੋਹਲੀ ਨੇ ਵਨਡੇ ਰੈਂਕਿੰਗ ਵਿੱਚ ਨੰਬਰ ਇੱਕ ਸਥਾਨ ‘ਤੇ ਵਾਪਸੀ ਕੀਤੀ ਹੈ। ਉਹ ਜੁਲਾਈ 2021 ਤੋਂ ਬਾਅਦ ਪਹਿਲੀ ਵਾਰ ਸਿਖਰ ‘ਤੇ ਪਹੁੰਚੇ ਹਨ। ਹਾਲੀਆ ਸਮੇਂ ਵਿੱਚ ਕੋਹਲੀ ਦੀ ਸ਼ਾਨਦਾਰ ਫਾਰਮ ਨੇ ਇਸ ਉਪਲਬਧੀ ਵਿੱਚ ਅਹੰਕਾਰਪੂਰਕ ਭੂਮਿਕਾ ਨਿਭਾਈ ਹੈ।
ਵਿਰਾਟ ਕੋਹਲੀ ਦੀ ਵਨਡੇ ਕ੍ਰਿਕਟ ਵਿੱਚ ਮਹਾਨ ਯਾਤਰਾ ਅਕਤੂਬਰ 2013 ਤੋਂ ਸ਼ੁਰੂ ਹੋਈ, ਜਦੋਂ ਉਹ ਪਹਿਲੀ ਵਾਰ ਆਈਸੀਸੀ ਰੈਂਕਿੰਗ ਵਿੱਚ ਨੰਬਰ ਇੱਕ ਸਥਾਨ ‘ਤੇ ਪਹੁੰਚੇ। ਮੌਜੂਦਾ ਰੈਂਕਿੰਗ ਸਮੇਤ, ਕੋਹਲੀ 11 ਵਾਰ ਸਿਖਰਲੇ ਸਥਾਨ ‘ਤੇ ਕਾਬਜ਼ ਰਹੇ ਹਨ।ਅੱਜ ਤੱਕ ਉਹ 825 ਦਿਨਾਂ ਲਈ ਨੰਬਰ ਇੱਕ ਬੱਲੇਬਾਜ਼ ਬਣੇ ਰਹੇ ਹਨ, ਜੋ ਕਿ ਦੁਨੀਆ ਭਰ ਵਿੱਚ 10ਵਾਂ ਸਭ ਤੋਂ ਲੰਬਾ ਸਮਾਂ ਹੈ। ਖ਼ਾਸ ਗੱਲ ਇਹ ਹੈ ਕਿ ਇਹ ਕਿਸੇ ਵੀ ਭਾਰਤੀ ਕ੍ਰਿਕਟਰ ਵੱਲੋਂ ਸਭ ਤੋਂ ਵੱਧ ਦਿਨ ਹਨ।
ਨਿਊਜ਼ੀਲੈਂਡ ਵਿਰੁੱਧ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਵਿਰਾਟ ਕੋਹਲੀ ਨੇ ਇਕ ਹੋਰ ਇਤਿਹਾਸਕ ਪਲ ਰਚ ਦਿੱਤਾ। ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 28,000 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਇਹ ਉਪਲਬਧੀ ਉਸਨੇ ਸਪਿਨਰ ਆਦਿਤਿਆ ਅਸ਼ੋਕ ਨੂੰ ਮਾਰੀ ਗਈ ਤਾਕਤਵਰ ਹਿੱਟ ਨਾਲ ਹਾਸਲ ਕੀਤੀ।ਇਸ ਨਾਲ ਕੋਹਲੀ ਦੁਨੀਆ ਦੇ ਉਹ ਤੀਜੇ ਬੱਲੇਬਾਜ਼ ਬਣ ਗਏ ਹਨ, ਜੋ ਸਚਿਨ ਤੇਂਦੁਲਕਰ ਅਤੇ ਕੁਮਾਰ ਸੰਗਾਕਾਰਾ ਦੇ ਬਾਅਦ ਇਸ ਮੀਲ ਪੱਥਰ ਤੱਕ ਪਹੁੰਚੇ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਕੋਹਲੀ ਨੇ ਇਹ ਰਿਕਾਰਡ ਸਿਰਫ਼ 624 ਪਾਰੀਆਂ ਵਿੱਚ ਬਣਾਇਆ, ਜਿਸ ਨਾਲ ਉਹ ਸਭ ਤੋਂ ਘੱਟ ਪਾਰੀਆਂ ਵਿੱਚ 28,000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਿਆ।
