Saturday, May 23Punjabi People

ਅੰਤਰਰਾਜੀ ਗੈਰਕਾਨੂੰਨੀ ਹਥਿਆਰ ਸਪਲਾਈ ਗਿਰੋਹ ਨਾਲ ਸੰਬੰਧਿਤ ਦੋ ਸ਼ਖਸ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ

ਜਲੰਧਰ , 26 ਮਾਰਚ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਕਾਮਯਾਬੀ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਨੇ ਉੱਤਰ ਪ੍ਰਦੇਸ਼ ਦੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਮਾਡਿਊਲ ਦਾ ਭੰਡਾਫੋੜ ਕੀਤਾ ਹੈ। ਮੁਲਜ਼ਮਾਂ ਕੋਲੋਂ 7.65 ਐਮਐਮ ਦੇ 10 ਦੇਸੀ ਪਿਸਤੌਲ ਅਤੇ 20 ਮੈਗਜ਼ੀਨ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਦਲੇਸ਼ ਕੁਮਾਰ ਉਰਫ਼ ਸੌਰਵ ਕੁਮਾਰ ਉਰਫ਼ ਨੰਨੂ ਵਾਸੀ ਪਾਂਦਾਪੁਰ, ਅਲੀਗੜ੍ਹ (ਯੂ.ਪੀ.) ਅਤੇ ਅਮਿਤ ਚਾਹਰ ਵਾਸੀ ਬਸੇਰੀ ਚਾਹਰ, ਆਗਰਾ (ਯੂ.ਪੀ.) ਵਜੋਂ ਹੋਈ ਹੈ।

ਇਹ ਕਾਰਵਾਈ ਉਸ ਘਟਨਾ ਤੋਂ ਲਗਭਗ ਇੱਕ ਮਹੀਨਾ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਬੀਕੇਆਈ ਨਾਲ ਜੁੜੇ ਦੋ ਕਾਰਕੁੰਨ ਸੁਖਵਿੰਦਰ ਉਰਫ਼ ਸੰਨੀ ਅਤੇ ਰਾਵਲ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰ ਜੱਸੀ ਕੁਲਮ ਦੇ ਹੁਕਮਾਂ ‘ਤੇ ਬਲਾਚੌਰ ਨੇੜੇ ਤਿੰਨ ਗ੍ਰਨੇਡ ਅਤੇ ਇੱਕ ਆਈਈਡੀ ਖਰੀਦਣ ਅਤੇ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਇਸੇ ਆਈਈਡੀ ਨੂੰ ਪੀਐਸ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਵਿੱਚ ਹੋਏ ਧਮਾਕੇ ਵਿੱਚ ਵਰਤਿਆ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਲਗਾਤਾਰ ਜਾਂਚ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਮਥੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦਲੇਸ਼ ਕੁਮਾਰ ਉਰਫ਼ ਨੰਨੂ ਦੀ ਗ੍ਰੈਂਡ ਵਿਟਾਰਾ ਕਾਰ ਵਿੱਚੋਂ 5 ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਕੀਤੀਆਂ ਗਈਆਂ। ਉਸਦੇ ਖੁਲਾਸੇ ‘ਤੇ ਮਥੁਰਾ-ਪਲਵਲ ਹਾਈਵੇ ਤੋਂ ਹੋਰ 5 ਪਿਸਤੌਲ ਅਤੇ 10 ਮੈਗਜ਼ੀਨ ਮਿਲੀਆਂ, ਜਿਸ ਨਾਲ ਕੁੱਲ ਬਰਾਮਦਗੀ 10 ਪਿਸਤੌਲ ਅਤੇ 20 ਮੈਗਜ਼ੀਨ ਹੋ ਗਈ।

ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਜਰਮਨੀ ਅਤੇ ਅਮਰੀਕਾ ਵਿੱਚ ਬੈਠੇ ਵਿਦੇਸ਼ੀ ਅਪਰਾਧੀਆਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ ਅਤੇ ਪੰਜਾਬ ਦੇ ਅਪਰਾਧਿਕ ਗਿਰੋਹਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਇਹ ਵੀ ਪਤਾ ਲੱਗਿਆ ਹੈ ਕਿ ਦੋਵੇਂ ਮੁਲਜ਼ਮ ਗੜ੍ਹਸ਼ੰਕਰ ਵਿੱਚ ਇਕ ਟਰੈਵਲ ਏਜੰਟ ਦੇ ਘਰ ‘ਤੇ ਫਿਰੌਤੀ ਲਈ ਗੋਲੀਬਾਰੀ ਦੀ ਘਟਨਾ ਵਿੱਚ ਵੀ ਸ਼ਾਮਲ ਰਹੇ ਹਨ।

ਇਸ ਮਾਮਲੇ ਸਬੰਧੀ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਐਫਆਈਆਰ ਨੰਬਰ 11 ਮਿਤੀ 23-02-2026 ਨੂੰ ਦਰਜ ਕੀਤੀ ਗਈ ਸੀ।

Leave a Reply

Your email address will not be published. Required fields are marked *