Wednesday, July 29Punjabi People

ਬੱਚਿਆਂ ਦੀ ਸੁਰੱਖਿਆ ਅਤੇ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਸਾਰੇ ਪਲੇਅ-ਵੇਅ ਸਕੂਲਾਂ ਦੀ ਲਾਜ਼ਮੀ ਔਨਲਾਈਨ ਰਜਿਸਟ੍ਰੇਸ਼ਨ ਲਈ ਪੋਰਟਲ ਲਾਂਚ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਜਨਵਰੀ 2026: ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕੀਤੀ ਜਾ ਰਹੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਭਵਨ ਵਿਖੇ ਹੋਈ ਮੀਡੀਆ ਕਾਨਫਰੰਸ ਦੌਰਾਨ ਪਲੇਅ-ਵੇਅ ਸਕੂਲਾਂ ਲਈ ਇੱਕ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ ਸ਼ੁਰੂ ਕਰਨ ਦਾ ਐਲਾਨ ਕੀਤਾ।

ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਚੱਲ ਰਹੇ ਸਾਰੇ ਪਲੇਅ-ਵੇਅ ਸਕੂਲਾਂ ਸਮੇਤ ਉਹ ਨਿੱਜੀ ਸਕੂਲ, ਜੋ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਦੇ ਹਨ, ਉਨ੍ਹਾਂ ਲਈ ਇਸ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਹਲ ਬੱਚਿਆਂ ਦੀ ਸਿੱਖਿਆ, ਸੁਰੱਖਿਆ ਅਤੇ ਸਮੁੱਚੇ ਵਿਕਾਸ ’ਤੇ ਪ੍ਰਭਾਵੀ ਨਿਗਰਾਨੀ ਯਕੀਨੀ ਬਣਾਉਣ ਲਈ ਕੀਤੀ ਗਈ ਹੈ।

ਮੰਤਰੀ ਨੇ ਜਾਣਕਾਰੀ ਦਿੱਤੀ ਕਿ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੱਕਸਾਰ ਪਾਠਕ੍ਰਮ ਤਿਆਰ ਕੀਤਾ ਜਾ ਰਿਹਾ ਹੈ, ਜੋ ਆਂਗਣਵਾੜੀ ਕੇਂਦਰਾਂ, ਪਲੇਅ-ਵੇਅ ਸਕੂਲਾਂ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਫਰਵਰੀ ਦੇ ਮੱਧ ਤੱਕ ਪੂਰੀ ਕਰ ਲਈ ਜਾਵੇਗੀ। ਬੱਚਿਆਂ ’ਤੇ ਕਿਤਾਬਾਂ ਦਾ ਭਾਰ ਪਾਉਣ ਦੀ ਬਜਾਏ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਰਾਹੀਂ ਸਿੱਖਿਆ ਦੇਣ ’ਤੇ ਜ਼ੋਰ ਦਿੱਤਾ ਜਾਵੇਗਾ।

ਨਿੱਕੀ ਉਮਰ ਦੇ ਬੱਚਿਆਂ ’ਤੇ ਖ਼ਾਸ ਧਿਆਨ ਦੀ ਲੋੜ ਉਤੇ ਜ਼ੋਰ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਬੱਚੇ ਦਾ ਲਗਭਗ 90 ਫ਼ੀਸਦੀ ਦਿਮਾਗੀ ਵਿਕਾਸ 0 ਤੋਂ 6 ਸਾਲ ਦੀ ਉਮਰ ਦੌਰਾਨ ਹੁੰਦਾ ਹੈ। ਇਸ ਲਈ ਇਸ ਅਹਿਮ ਦੌਰਾਨ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਉਚਿਤ ਪੋਸ਼ਣ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮਿਸ਼ਨ ਆਰੰਭ ਤਹਿਤ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਰੋਜ਼ਾਨਾ ਸਿੱਖਣ ਪ੍ਰਕਿਰਿਆ ਨਾਲ ਸਰਗਰਮੀ ਨਾਲ ਜੋੜਿਆ ਗਿਆ ਹੈ। ਡਿਜੀਟਲ ਸਮੱਗਰੀ ਸਾਂਝੀ ਕਰਕੇ ਬੱਚਿਆਂ ਨੂੰ ਘਰ ਵਿੱਚ ਮਾਪਿਆਂ ਨਾਲ ਮਿਲ ਕੇ ਸਿੱਖਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਮਿਸ਼ਨ ਅਧੀਨ 2,941 ਪੇਰੈਂਟ ਸਮੂਹ ਬਣਾਏ ਜਾ ਚੁੱਕੇ ਹਨ। ਨਾਲ ਹੀ ਮਾਪਿਆਂ ਨੂੰ ਉਨ੍ਹਾਂ ਦੇ ਮੋਬਾਈਲ ਫ਼ੋਨਾਂ ’ਤੇ ਰੋਜ਼ਾਨਾ ਗਤੀਵਿਧੀਆਂ ਬਾਰੇ ਜਾਣਕਾਰੀ ਭੇਜੀ ਜਾ ਰਹੀ ਹੈ, ਤਾਂ ਜੋ ਉਹ ਬੱਚਿਆਂ ਦੀ ਸਿੱਖਣ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰ ਬਣ ਸਕਣ।

ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ 1,000 ਨਵੇਂ ਆਂਗਣਵਾੜੀ ਕੇਂਦਰ ਬਣਾਉਣ ਦੇ ਟੀਚੇ ਤਹਿਤ 100 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸੁਵਿਧਾਵਾਂ ਨਾਲ ਲੈਸ 1,000 ਆਂਗਣਵਾੜੀ ਕੇਂਦਰ ਤਿਆਰ ਕੀਤੇ ਜਾ ਰਹੇ ਹਨ। ਹਰ ਕੇਂਦਰ ’ਤੇ ਲਗਭਗ 10 ਲੱਖ ਰੁਪਏ ਖਰਚੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 700 ਕੇਂਦਰਾਂ ਵਿੱਚ ਖੁੱਲ੍ਹੇ ਤੇ ਹਵਾਦਾਰ ਕਮਰੇ, ਰਸੋਈਆਂ, ਬੱਚਿਆਂ ਲਈ ਪਖ਼ਾਨੇ, ਸੁੰਦਰ ਵਾਲ ਪੇਂਟਿੰਗਾਂ ਅਤੇ ਆਧੁਨਿਕ ਫਰਨੀਚਰ ਦੀ ਸੁਵਿਧਾ ਉਪਲਬਧ ਕਰਵਾ ਦਿੱਤੀ ਗਈ ਹੈ, ਜਦਕਿ ਬਾਕੀ 300 ਕੇਂਦਰ ਵੀ ਜਲਦੀ ਹੀ ਪੂਰੇ ਕਰ ਲਏ ਜਾਣਗੇ।

ਅੰਤ ਵਿੱਚ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਲਈ ਇੱਕ ਸੁਰੱਖਿਅਤ, ਸਿਹਤਮੰਦ ਅਤੇ ਉੱਜਵਲ ਭਵਿੱਖ ਯਕੀਨੀ ਬਣਾਉਣ ਲਈ ਸਿੱਖਿਆ, ਪੋਸ਼ਣ ਅਤੇ ਸੁਰੱਖਿਆ ਦੇ ਖੇਤਰ ਵਿੱਚ ਇਤਿਹਾਸਕ ਕਦਮ ਚੁੱਕ ਰਹੀ ਹੈ।

Leave a Reply

Your email address will not be published. Required fields are marked *