Saturday, May 23Punjabi People

ਮੰਤਰੀ ਸਮੂਹ ਵੱਲੋਂ ਆਉਣ ਵਾਲੇ ਕਣਕ ਖਰੀਦ ਸੀਜ਼ਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, 25 ਫਰਵਰੀ 2026: ਫ਼ਸਲੀ ਖਰੀਦ ਦੀਆਂ ਤਿਆਰੀਆਂ ਦੀ ਨਿਗਰਾਨੀ ਲਈ ਬਣਾਏ ਗਏ ਮੰਤਰੀ ਸਮੂਹ (ਜੀਓਐਮ), ਜਿਸ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਆਵਾਜਾਈ ਮੰਤਰੀ ਲਾਲਜੀਤ ਸਿੰਘ ਭੁੱਲਰ ਸ਼ਾਮਲ ਹਨ, ਨੇ ਅੱਜ 2026-27 ਦੇ ਆਉਣ ਵਾਲੇ ਕਣਕ ਖਰੀਦ ਸੀਜ਼ਨ ਸਬੰਧੀ ਵਿਸਥਾਰਪੂਰਵਕ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ।

ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਕਣਕ ਖਰੀਦ ਸੀਜ਼ਨ ਦੇ 1 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਲਗਭਗ 132 ਲੱਖ ਮੀਟ੍ਰਿਕ ਟਨ ਉਪਜ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ। ਇਸ ਸਾਲ ਕਣਕ ਲਈ ਘੱਟੋ-ਘੱਟ ਸਮਰਥਨ ਮੁੱਲ 2585 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ।

ਭੰਡਾਰਨ ਸਮਰੱਥਾ ਸਬੰਧੀ ਦੱਸਿਆ ਗਿਆ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਅਗਸਤ 2025 ਤੋਂ ਲੈ ਕੇ ਹੁਣ ਤੱਕ ਹਰ ਮਹੀਨੇ 5 ਐਲਐਮਟੀ ਕਣਕ ਅਤੇ 5 ਐਲਐਮਟੀ ਚੌਲ ਦੀ ਉਠਾਈ ਕੀਤੀ ਜਾ ਰਹੀ ਹੈ। ਹਾਲਾਂਕਿ 2026-27 ਦੇ ਸੀਜ਼ਨ ਵਿੱਚ ਖਰੀਦੀ ਜਾਣ ਵਾਲੀ ਕਣਕ ਲਈ ਯਥੋਚਿਤ ਸਟੋਰੇਜ ਯਕੀਨੀ ਬਣਾਉਣ ਲਈ ਹਰ ਮਹੀਨੇ ਘੱਟੋ-ਘੱਟ 15 ਐਲਐਮਟੀ ਕਣਕ ਦੀ ਚੁਕਾਈ ਲਾਜ਼ਮੀ ਹੈ। ਇਸ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਮੇਂ-ਸਮੇਂ ’ਤੇ ਅਤੇ ਹਾਲ ਹੀ ਵਿੱਚ ਵੀ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।

ਆਉਣ ਵਾਲੇ ਸੀਜ਼ਨ ਲਈ ਕਣਕ ਦੀ ਸੁਰੱਖਿਅਤ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਵੱਲੋਂ ਪਲਿੰਥ ਬਣਾਉਣ ਅਤੇ ਚੌਲ ਮਿੱਲਾਂ ਵਿੱਚ ਉਪਲਬਧ ਖਾਲੀ ਥਾਵਾਂ ਦੀ ਵਰਤੋਂ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਖਰੀਦ ਪ੍ਰਬੰਧਾਂ ਦੀ ਨਿਯਮਿਤ ਸਮੀਖਿਆ ਜਾਰੀ ਹੈ। ਡੀਐਫਐਸਸੀਜ਼ ਵੱਲੋਂ ਐਫਸੀਆਈ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਮਿਲ ਕੇ ਸੰਕਟਕਾਲੀ ਯੋਜਨਾਵਾਂ ਅਤੇ ਵਿਕਲਪੀ ਪ੍ਰਬੰਧ ਤਿਆਰ ਕੀਤੇ ਜਾ ਰਹੇ ਹਨ।

ਨਿਰਵਿਘਨ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ 3,91,320 ਪਲਾਸਟਿਕ ਕਰੇਟਾਂ ਲਈ ਆਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 2,31,055 ਕਰੇਟ ਪ੍ਰਾਪਤ ਹੋ ਚੁੱਕੇ ਹਨ ਅਤੇ ਬਾਕੀ ਮਾਰਚ ਤੱਕ ਮਿਲ ਜਾਣਗੇ। ਇਸ ਤੋਂ ਇਲਾਵਾ 6,75,000 ਲੱਕੜ ਦੇ ਕਰੇਟਾਂ ਦੀ ਸਪਲਾਈ ਲਈ ਵੀ ਆਰਡਰ ਦਿੱਤੇ ਗਏ ਹਨ। ਕਣਕ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੀਆਂ ਐਲਪੀਈਡੀ ਤਰਪਾਲਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ।

ਆੜ੍ਹਤੀਆਂ ਵੱਲੋਂ ਕਮਿਸ਼ਨ ਦਰ 45 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 64 ਰੁਪਏ ਕਰਨ ਦੀ ਮੰਗ ਸਬੰਧੀ ਵੀ ਮੰਤਰੀ ਸਮੂਹ ਦੇ ਧਿਆਨ ਵਿੱਚ ਲਿਆਂਦਾ ਗਿਆ। ਸੂਬਾ ਸਰਕਾਰ ਵੱਲੋਂ ਇਹ ਮਸਲਾ ਹਰ ਮੌਕੇ ’ਤੇ ਕੇਂਦਰ ਸਰਕਾਰ ਕੋਲ ਉਠਾਇਆ ਜਾ ਰਿਹਾ ਹੈ।

ਮੰਤਰੀ ਸਮੂਹ ਨੇ ਖਰੀਦ ਪ੍ਰਕਿਰਿਆ ਨਾਲ ਜੁੜੇ ਸਾਰੇ ਹਿੱਸੇਦਾਰਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਅਤੇ ਅਧਿਕਾਰੀਆਂ ਨੂੰ ਪੂਰੀ ਪਾਰਦਰਸ਼ਤਾ ਨਾਲ ਨਿਰਵਿਘਨ ਕਣਕ ਖਰੀਦ ਸੀਜ਼ਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਅਤੇ ਅਜੈਵੀਰ ਸਿੰਘ ਸਰਾਓ, ਅਤੇ ਜੀਐਮ (ਵਿੱਤ) ਸਰਵੇਸ਼ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *