
ਚੰਡੀਗੜ੍ਹ, 31 ਜਨਵਰੀ 2026: ਪੰਜਾਬ ਦੇ ਛੋਟੇ ਅਤੇ ਹਾਸ਼ੀਏ ਉੱਤੇ ਧੱਕੇ ਕਿਸਾਨਾਂ ਲਈ ਖੇਤੀਬਾੜੀ ਨੂੰ ਮੁੜ ਲਾਭਦਾਇਕ ਅਤੇ ਵਿਆਪਾਰਕ ਧੰਦੇ ਵਜੋਂ ਪ੍ਰਸਥਾਪਿਤ ਕਰਨ ਦੇ ਯਤਨਾਂ ਦੇ ਤਹਿਤ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਦੱਖਣੀ ਕੋਰੀਆ ਦੇ ਵਫ਼ਦ ਨਾਲ ਵਿਸ਼ਤਰੀਤ ਗੱਲਬਾਤ ਕੀਤੀ। ਇਸ ਮੀਟਿੰਗ ਵਿੱਚ ਸਮਾਰਟ ਖੇਤੀ, ਉੱਨਤ ਖੇਤੀ ਮਸ਼ੀਨਰੀ ਅਤੇ ਬਾਇਓਟੈਕਨਾਲੋਜੀ ਖੇਤਰ ਵਿੱਚ ਸਹਿਯੋਗ ‘ਤੇ ਖਾਸ ਧਿਆਨ ਕੇਂਦਰਿਤ ਕੀਤਾ ਗਿਆ।
ਮੀਟਿੰਗ ਦੌਰਾਨ, ਪੰਜਾਬ ਸਰਕਾਰ ਵੱਲੋਂ ਘਟ ਰਹੇ ਖੇਤੀ ਰਕਬੇ ਅਤੇ ਲਾਭਦਾਇਕਤਾ ਵਿੱਚ ਸੁਧਾਰ ਲਈ ਦੱਖਣੀ ਕੋਰੀਆ ਦੀ ਤਕਨੀਕੀ ਮੁਹਾਰਤ ਨੂੰ ਅਪਨਾਉਣ ਬਾਰੇ ਵਿਚਾਰ ਕੀਤਾ ਗਿਆ। ਇਸ ਨਾਲ 13 ਤੋਂ 15 ਮਾਰਚ ਮੋਹਾਲੀ ਵਿੱਚ ਹੋਣ ਵਾਲੇ “ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026” ਤੋਂ ਪਹਿਲਾਂ ਉਦਯੋਗਿਕ ਅਤੇ ਨਿਵੇਸ਼ ਭਾਈਵਾਲੀ ਨੂੰ ਮਜ਼ਬੂਤੀ ਮਿਲੇਗੀ।
ਮੁੱਖ ਮੰਤਰੀ ਨੇ ਆਪਣੇ ਐਕਸ ਅਕਾਊਂਟ ‘ਤੇ ਸਾਂਝਾ ਕੀਤਾ ਕਿ ਇਹ ਮੀਟਿੰਗ ਖੇਤੀਬਾੜੀ ਨੂੰ ਲਾਭਦਾਇਕ ਉੱਦਮ ਬਣਾਉਣ ਲਈ ਪੰਜਾਬ ਅਤੇ ਦੱਖਣੀ ਕੋਰੀਆ ਵਿਚਕਾਰ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ। ਦੱਖਣੀ ਕੋਰੀਆ ਦੇ ਵਫ਼ਦ ਨੇ ਪੰਜਾਬ ਦੀ ਆਰਥਿਕ ਸੰਭਾਵਨਾ ਅਤੇ ਸਹਿਯੋਗੀ ਮਾਹੌਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਮੋਹਾਲੀ ਸੰਮੇਲਨ ਵਿੱਚ ਭਾਗ ਲੈਣ ਲਈ ਵੀ ਸੱਦਾ ਦਿੱਤਾ ਗਿਆ।
ਮੁੱਖ ਮੰਤਰੀ ਨੇ ਦੱਖਣੀ ਕੋਰੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਇਸ ਨੇ ਦੇਸ਼ ਨੂੰ ਅੰਨ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਾਲਾਂਕਿ ਛੋਟੇ ਕਿਸਾਨਾਂ ਲਈ ਖੇਤੀਬਾੜੀ ਹੁਣ ਘੱਟ ਲਾਭਦਾਇਕ ਰਹੀ ਹੈ ਕਿਉਂਕਿ ਖੇਤੀਬਾੜੀ ਰਕਬਾ ਘੱਟ ਹੋ ਗਿਆ ਹੈ ਅਤੇ ਜ਼ਮੀਨ ਦੇ ਟੁਕੜੇ ਹੋ ਚੁੱਕੇ ਹਨ।
ਮੁੱਖ ਮੰਤਰੀ ਨੇ ਤਕਨੀਕੀ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਮਾਲ ਐਗਰੀਕਲਚਰ ਮਸ਼ੀਨਰੀ ਵਿੱਚ ਦੱਖਣੀ ਕੋਰੀਆ ਤੋਂ ਨਿਵੇਸ਼ ਆਕਰਸ਼ਿਤ ਕਰਨ ਲਈ ਉਤਸੁਕ ਹੈ, ਕਿਉਂਕਿ ਕੋਰੀਆ ਇਸ ਖੇਤਰ ਵਿੱਚ ਵੱਡਾ ਤਜਰਬਾ ਅਤੇ ਮੁਹਾਰਤ ਰੱਖਦਾ ਹੈ। ਦੋਵੇਂ ਮੁਲਕਾਂ ਦੇ ਇਤਿਹਾਸਕ ਸਮਾਨਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਨੇ ਇੱਕੋ ਸਮੇਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਗਰੀਬੀ ਸਭ ਤੋਂ ਵੱਡੀ ਚੁਣੌਤੀ ਸੀ। ਪੰਜਾਬ ਨੇ ਅਨਾਜ-ਸਰਪਲੱਸ ਸੂਬੇ ਬਣ ਕੇ ਇਸ ਚੁਣੌਤੀ ਨੂੰ ਪਾਰ ਕੀਤਾ ਅਤੇ ਅੱਜ ਦੇਸ਼ ਵਿੱਚ ਅਨਾਜ ਦੇ ਸਭ ਤੋਂ ਵੱਡੇ ਯੋਗਦਾਨ ਵਾਲੇ ਰਾਜਾਂ ਵਿੱਚੋਂ ਇੱਕ ਹੈ।
ਮੁੱਖ ਮੰਤਰੀ ਨੇ ਦੱਖਣੀ ਕੋਰੀਆ ਦੇ ਤਜਰਬੇ ਤੋਂ ਲਾਭ ਉਠਾਉਣ ਲਈ ਖੇਤੀਬਾੜੀ ਮਸ਼ੀਨਰੀ, ਸਮਾਰਟ ਉਪਕਰਨ, ਬਾਇਓਟੈਕਨਾਲੋਜੀ, ਬੀਜ ਤਕਨਾਲੋਜੀ, ਸਮਾਰਟ ਕੰਬਾਈਨ ਹਾਰਵੈਸਟਰ ਅਤੇ ਟ੍ਰਾਂਸਪਲਾਂਟਰ ਵਰਗੀਆਂ ਤਕਨੀਕਾਂ ਨੂੰ ਅਪਨਾਉਣ ਵਿੱਚ ਸਹਿਯੋਗ ਲਈ ਉਤਸਾਹ ਜਤਾਇਆ।
ਉਨ੍ਹਾਂ ਨੇ ਦੱਖਣੀ ਕੋਰੀਆਈ ਵਫ਼ਦ ਨੂੰ ਮੋਹਾਲੀ ਸੰਮੇਲਨ ਵਿੱਚ ਸੱਦਾ ਦਿੰਦਿਆਂ ਕਿਹਾ ਕਿ ਇਹ ਸੰਮੇਲਨ ਪੰਜਾਬ ਅਤੇ ਦੱਖਣੀ ਕੋਰੀਆ ਵਿਚਕਾਰ ਢਾਂਚਾਗਤ ਅਤੇ ਲਾਭਦਾਇਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉੱਤਮ ਮੰਚ ਸਾਬਿਤ ਹੋਵੇਗਾ। ਦੱਖਣੀ ਕੋਰੀਆਈ ਵਫ਼ਦ ਨੇ ਇਸ ਸਹਿਯੋਗ ਵਿੱਚ ਡੂੰਘੀ ਦਿਲਚਸਪੀ ਦਿਖਾਈ, ਜੋ ਨੇੜਲੇ ਭਵਿੱਖ ਵਿੱਚ ਦੋਵੇਂ ਮੁਲਕਾਂ ਦੇ ਦਰਮਿਆਨ ਠੋਸ ਭਾਈਵਾਲੀ ਦੀ ਸੰਭਾਵਨਾ ਦਰਸਾਉਂਦਾ ਹੈ।
