
ਚੰਡੀਗੜ੍ਹ / ਪਟਿਆਲਾ, 25 ਮਾਰਚ 2026: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਸਿਹਤ ਯੋਜਨਾ’ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੇ ਕੇ ਲੋਕਾਂ ਲਈ ਵੱਡੀ ਰਹਤ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਹੁਣ ਤੱਕ 1.60 ਲੱਖ ਲੋਕਾਂ ਨੇ 191 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਸਿਹਤ ਮਾਡਲ ਹੁਣ ਹੋਰ ਰਾਜਾਂ ਲਈ ਵੀ ਮਿਸਾਲ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਸਰਕਾਰ ਨੇ ਸਿਹਤ, ਸਿੱਖਿਆ ਅਤੇ ਰੋਜ਼ਗਾਰ ਖੇਤਰਾਂ ਨੂੰ ਤਰਜੀਹ ਦਿੱਤੀ ਹੈ, ਜਿਸ ਦੇ ਨਤੀਜੇ ਸਾਫ਼ ਨਜ਼ਰ ਆ ਰਹੇ ਹਨ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਸੁਧਾਰ ਪ੍ਰਕਿਰਿਆ ਨਾਲ ਸੂਬੇ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋਈ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 65 ਲੱਖ ਪਰਿਵਾਰਾਂ ਅਤੇ 3 ਕਰੋੜ ਲੋਕਾਂ ਲਈ ਸਿਹਤ ਕਾਰਡ ਜਾਰੀ ਕਰਨ ਦਾ ਟਾਰਗੇਟ ਹੈ, ਜਿਨ੍ਹਾਂ ਵਿੱਚੋਂ 25 ਲੱਖ ਕਾਰਡ ਪਹਿਲਾਂ ਹੀ ਬਣ ਚੁੱਕੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਹਿਲਾਂ ਹੀ ਆਪਣੇ ਕਾਰਡ ਬਣਵਾ ਲੈਣ।
ਮੈਡੀਕਲ ਸਿੱਖਿਆ ਖੇਤਰ ਵਿੱਚ ਵੀ ਵੱਡੇ ਕਦਮ ਚੁੱਕੇ ਗਏ ਹਨ। ਰਾਜ ਵਿੱਚ 9 ਨਵੇਂ ਮੈਡੀਕਲ ਕਾਲਜ ਬਣ ਰਹੇ ਹਨ, ਜਿਨ੍ਹਾਂ ਨਾਲ 600 ਨਵੀਆਂ ਐਮਬੀਬੀਐਸ ਸੀਟਾਂ ਸ਼ਾਮਲ ਹੋਣਗੀਆਂ। ਇਸਦੇ ਨਾਲ ਹੀ ਮਨੁੱਖੀ ਸਰੋਤ ਦੀ ਕਮੀ ਨੂੰ ਪੂਰਾ ਕਰਦਿਆਂ ਪ੍ਰੋਫੈਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ।
ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ 200 ਕਰੋੜ ਰੁਪਏ ਦਾ ਸਾਜੋ-ਸਮਾਨ ਖਰੀਦਿਆ ਜਾ ਰਿਹਾ ਹੈ ਅਤੇ 22 ਜ਼ਿਲ੍ਹਿਆਂ ਵਿੱਚ 50-ਬੈੱਡ ਵਾਲੇ ਕ੍ਰਿਟੀਕਲ ਕੇਅਰ ਬਲਾਕ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਐਮਆਰਆਈ ਅਤੇ ਹੋਰ ਹਸਪਤਾਲਾਂ ਵਿੱਚ ਸੀਟੀ ਸਕੈਨ ਸਹੂਲਤਾਂ ਵਧਾਈਆਂ ਜਾ ਰਹੀਆਂ ਹਨ ਅਤੇ 7 ਨਵੇਂ ਜੱਚਾ-ਬੱਚਾ ਹਸਪਤਾਲ ਵੀ ਸ਼ੁਰੂ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਮੁਫ਼ਤ ਦਵਾਈਆਂ ਦੇ ਨਾਲ ਡਾਇਗਨੋਸਟਿਕ ਸੇਵਾਵਾਂ ਦਾ ਵੀ ਵਾਧਾ ਕੀਤਾ ਗਿਆ ਹੈ ਅਤੇ 200 ਤੋਂ ਵੱਧ ਪ੍ਰਾਈਵੇਟ ਸੈਂਟਰਾਂ ਨੂੰ ਵੀ ਜੋੜਿਆ ਗਿਆ ਹੈ। ਕੈਂਸਰ ਅਤੇ ਅੱਖਾਂ ਦੀਆਂ ਬਿਮਾਰੀਆਂ ਲਈ ਏਆਈ ਅਧਾਰਿਤ ਸਕਰੀਨਿੰਗ ਨਾਲ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸਮੇਂ ਸਿਰ ਇਲਾਜ ਸੰਭਵ ਹੋ ਰਿਹਾ ਹੈ।
ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਨੇ ਇਲਾਜ ਅਤੇ ਪੁਨਰਵਾਸ ਲਈ ਮਜ਼ਬੂਤ ਪ੍ਰਬੰਧ ਕੀਤੇ ਹਨ। ਇਸਦੇ ਨਾਲ ਹੀ ਹੁਨਰ ਵਿਕਾਸ ਅਤੇ ਜੇਲ੍ਹਾਂ ਵਿੱਚ ਵੀ ਸਿਹਤ ਸੇਵਾਵਾਂ ਦਾ ਵਿਸਥਾਰ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ 883 ਆਮ ਆਦਮੀ ਕਲੀਨਿਕਾਂ ਰਾਹੀਂ 5 ਕਰੋੜ ਤੋਂ ਵੱਧ ਓਪੀਡੀ ਅਤੇ 1.69 ਕਰੋੜ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਸੀਐਮ ਯੋਗਸ਼ਾਲਾ ਪ੍ਰਾਜੈਕਟ ਨਾਲ ਵੀ ਲੱਖਾਂ ਲੋਕ ਰੋਜ਼ਾਨਾ ਲਾਭ ਲੈ ਰਹੇ ਹਨ। ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਲਦੀ ਹੀ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਆਈਵੀਐਫ ਅਤੇ ਮੋਹਾਲੀ ਵਿੱਚ ਪੈਟ ਸਕੈਨ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸਦੇ ਨਾਲ ਹੀ ਦਿਲ, ਦਿਮਾਗ ਅਤੇ ਹੋਰ ਜਟਿਲ ਆਪਰੇਸ਼ਨ ਵੀ ਸਰਕਾਰੀ ਹਸਪਤਾਲਾਂ ਵਿੱਚ ਕੀਤੇ ਜਾ ਰਹੇ ਹਨ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸੂਬੇ ਦੇ ਹਰ ਨਾਗਰਿਕ ਨੂੰ ਉੱਚ ਦਰਜੇ ਦੀ ਸਿਹਤ ਸੇਵਾ ਪ੍ਰਦਾਨ ਕਰਨਾ ਹੈ ਅਤੇ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਲਿਆਂਦਾ ਜਾ ਰਿਹਾ ਹੈ। ਮਿਸ਼ਨ ਅੰਮ੍ਰਿਤ ਅਤੇ ਸਟਰੋਕ ਪ੍ਰਾਜੈਕਟਾਂ ਰਾਹੀਂ ਦਿਲ ਅਤੇ ਦਿਮਾਗ ਦੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਰਿਹਾ ਹੈ, ਜਦਕਿ ਟੈਲੀਮਾਨਸ ਸੇਵਾ ਰਾਹੀਂ ਮਾਨਸਿਕ ਸਿਹਤ ਸਹਾਇਤਾ ਵੀ ਦਿੱਤੀ ਜਾ ਰਹੀ ਹੈ।
