
ਚੰਡੀਗੜ੍ਹ, 16 ਮਾਰਚ 2026: ਦੇਸ਼ ਵੱਲੋਂ ਉਨ੍ਹਾਂ ਦੀ 92ਵੀਂ ਜਨਮ ਜਯੰਤੀ ਮਨਾਉਣ ਤੋਂ ਇਕ ਦਿਨ ਬਾਅਦ, ਪ੍ਰਸਿੱਧ ਸਮਾਜ ਸੁਧਾਰਕ ਅਤੇ ਰਾਜਨੀਤਿਕ ਆਗੂ ਬਾਬੂ ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਦਾ ਇਕ ਇਤਿਹਾਸਕ ਮਤਾ ਅੱਜ ਪੰਜਾਬ ਵਿਧਾਨ ਸਭਾ ਵੱਲੋਂ ਇਕਸੁਰਤਾ ਨਾਲ ਪਾਸ ਕੀਤਾ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਇਸ ਮਤੇ ਰਾਹੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਬਾਬੂ ਕਾਂਸ਼ੀ ਰਾਮ ਜੀ ਨੂੰ ਮਰਨ ਉਪਰੰਤ ਦੇਸ਼ ਦਾ ਸਰਵੋੱਚ ਨਾਗਰਿਕ ਸਨਮਾਨ ਭਾਰਤ ਰਤਨ ਪ੍ਰਦਾਨ ਕੀਤਾ ਜਾਵੇ। ਮਤੇ ਨੂੰ ਪੂਰੇ ਸਦਨ ਦਾ ਸਰਬਸੰਮਤੀ ਸਮਰਥਨ ਮਿਲਿਆ ਅਤੇ ਪੰਜਾਬ ਸਰਕਾਰ ਇਹ ਮਜ਼ਬੂਤ ਸਿਫਾਰਸ਼ ਕੇਂਦਰ ਸਰਕਾਰ ਤੱਕ ਭੇਜੇਗੀ।
ਮਤਾ ਪੇਸ਼ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਬੂ ਕਾਂਸ਼ੀ ਰਾਮ ਜੀ ਨੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਅਤੇ ਸਮਾਜਿਕ ਤੇ ਆਰਥਿਕ ਸਮਾਨਤਾ ਦਾ ਸੁਨੇਹਾ ਘਰ-ਘਰ ਤੱਕ ਲੈ ਕੇ ਗਏ। ਉਨ੍ਹਾਂ ਕਿਹਾ ਕਿ ਬਾਬੂ ਕਾਂਸ਼ੀ ਰਾਮ ਜੀ ਬੇਮਿਸਾਲ ਸਾਦਗੀ ਅਤੇ ਇਮਾਨਦਾਰੀ ਦੇ ਪ੍ਰਤੀਕ ਸਨ; ਉਨ੍ਹਾਂ ਨੇ ਆਪਣੇ ਨਾਮ ‘ਤੇ ਨਾ ਕੋਈ ਜਾਇਦਾਦ ਰੱਖੀ, ਨਾ ਜ਼ਮੀਨ ਅਤੇ ਨਾ ਹੀ ਕੋਈ ਬੈਂਕ ਖਾਤਾ, ਅਤੇ ਸਾਰੀ ਉਮਰ ਨਿਸ਼ਕਾਮ ਜੀਵਨ ਬਤੀਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਬਾਬੂ ਕਾਂਸ਼ੀ ਰਾਮ ਜੀ ਨੇ ਜਾਤ-ਪਾਤ ਅਧਾਰਿਤ ਭੇਦਭਾਵ ਦੇ ਖ਼ਿਲਾਫ਼ ਸੰਘਰਸ਼ ਲਈ ਪੁਣੇ ਵਿੱਚ ਗਜ਼ਟਿਡ ਅਧਿਕਾਰੀ ਵਜੋਂ ਆਪਣਾ ਕਰੀਅਰ ਤਿਆਗ ਦਿੱਤਾ। ਪਹਿਲਾਂ ਉਨ੍ਹਾਂ ਨੇ ਆਲ ਇੰਡੀਆ ਬੈਕਵਰਡ ਐਂਡ ਮਾਈਨਾਰਿਟੀ ਕਮਿਊਨਿਟੀਜ਼ ਇੰਪਲਾਈਜ਼ ਫੈਡਰੇਸ਼ਨ ਦੀ ਸਥਾਪਨਾ ਕੀਤੀ ਅਤੇ ਬਾਅਦ ਵਿੱਚ ਸਰਗਰਮ ਰਾਜਨੀਤੀ ਵਿੱਚ ਕਦਮ ਰੱਖਦਿਆਂ ਹਜ਼ਾਰਾਂ ਗਰੀਬ ਅਤੇ ਮੱਧਵਰਗੀ ਨੌਜਵਾਨਾਂ ਨੂੰ ਰਾਸ਼ਟਰੀ ਰਾਜਨੀਤੀ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਅਤੇ ਸਸ਼ਕਤ ਕੀਤਾ।
ਉਨ੍ਹਾਂ ਦੇ ਜੀਵਨ ਅਤੇ ਰਾਜਨੀਤਿਕ ਯਾਤਰਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਬੂ ਕਾਂਸ਼ੀ ਰਾਮ ਜੀ ਦਾ ਜਨਮ 15 ਮਾਰਚ 1934 ਨੂੰ ਰੋਪੜ ਜ਼ਿਲ੍ਹੇ ਦੇ ਖਵਾਸਪੁਰਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਸਰਕਾਰੀ ਕਾਲਜ, ਰੋਪੜ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ। ਬਾਅਦ ਵਿੱਚ ਉਹ 1991 ਵਿੱਚ ਉੱਤਰ ਪ੍ਰਦੇਸ਼ ਦੇ ਇਟਾਵਾ ਅਤੇ 1996 ਵਿੱਚ ਪੰਜਾਬ ਦੇ ਹੁਸ਼ਿਆਰਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅਤੇ ਇਸ ਤੋਂ ਬਾਅਦ ਰਾਜ ਸਭਾ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ।
ਉਨ੍ਹਾਂ ਦੀ ਵਿਰਾਸਤ ਨੂੰ ਸਨਮਾਨਿਤ ਕਰਨ ਲਈ ਕੀਤੀਆਂ ਹਾਲੀਆ ਪਹਿਲਾਂ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਉਹ ਆਪਣੇ ਕੈਬਨਿਟ ਸਾਥੀ ਹਰਜੋਤ ਸਿੰਘ ਬੈਂਸ ਦੇ ਨਾਲ ਬਾਬੂ ਕਾਂਸ਼ੀ ਰਾਮ ਜੀ ਨਾਲ ਸੰਬੰਧਿਤ ਰੋਪੜ ਦੇ ਪਿੰਡ ਖਵਾਸਪੁਰਾ ਅਤੇ ਆਨੰਦਪੁਰ ਸਾਹਿਬ ਦੇ ਪਿਰਥੀਪੁਰ ਬੁੰਗਾ ਵਿਖੇ ਗਏ। ਉਨ੍ਹਾਂ ਦੀ ਯਾਦ ਨੂੰ ਸਥਾਨਕ ਪੱਧਰ ‘ਤੇ ਅਮਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਸਰਕਾਰੀ ਸਕੂਲ ਦੀ ਮੁੜ ਤਾਮੀਰ ਅਤੇ ਅਪਗ੍ਰੇਡ ਲਈ 2 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ ਅਤੇ ਇਸ ਸਕੂਲ ਦਾ ਨਾਮ ਬਾਬੂ ਕਾਂਸ਼ੀ ਰਾਮ ਜੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਸਰਕਾਰ ਨੇ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਉੱਚ ਪੱਧਰੀ ਲਾਇਬ੍ਰੇਰੀ ਅਤੇ ਆਧੁਨਿਕ ਆਡੀਟੋਰੀਅਮ ਬਣਾਉਣ ਦੀ ਵੀ ਮਨਜ਼ੂਰੀ ਦਿੱਤੀ ਹੈ ਤਾਂ ਜੋ ਉਨ੍ਹਾਂ ਦੀ ਇਤਿਹਾਸਕ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਿਆ ਜਾ ਸਕੇ।
ਵਿੱਤ ਮੰਤਰੀ ਨੇ ਹੋਰ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਲ 2016 ਵਿੱਚ ਹੀ ਬਾਬੂ ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ ਦੇਣ ਦੀ ਮੰਗ ਉਠਾਈ ਸੀ। ਉਨ੍ਹਾਂ ਕਿਹਾ ਕਿ 9 ਅਕਤੂਬਰ 2006 ਨੂੰ ਬਾਬੂ ਕਾਂਸ਼ੀ ਰਾਮ ਜੀ ਦੇ ਦੇਹਾਂਤ ਤੋਂ ਬਾਅਦ ਵੀ, ਬਹੁਜਨ ਸਮਾਜ ਪਾਰਟੀ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਮਜ਼ਬੂਤ ਮੰਗ ਦੇ ਬਾਵਜੂਦ ਕਾਂਗਰਸ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ਵਿੱਚ ਯਾਦਗਾਰ ਲਈ ਯੋਗ ਜ਼ਮੀਨ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੀ।
ਅੰਤ ਵਿੱਚ ਉਨ੍ਹਾਂ ਨੇ ਸਦਨ ਦੇ ਸਭ ਮੈਂਬਰਾਂ ਨੂੰ ਮਤੇ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮਤਾ ਪੂਰੀ ਏਕਤਾ ਨਾਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਬਾਬੂ ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ ਦੇਣ ਲਈ ਮਜ਼ਬੂਤ ਸਿਫ਼ਾਰਸ਼ ਭੇਜੀ ਜਾਵੇ।
।”
”
