
ਚੰਡੀਗੜ੍ਹ, 8 ਅਪ੍ਰੈਲ 2026: ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕ ਨੂੰ ਜੜ੍ਹ ਤੋਂ ਖਤਮ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਹੈ। ‘ਗੈਂਗਸਟਰਾਂ ਵਿਰੁੱਧ ਜੰਗ’ ਦੇ ਤਹਿਤ ਪੰਜਾਬ ਪੁਲਿਸ ਨੇ ਆਪਣਾ ਸਭ ਤੋਂ ਵੱਡਾ ਸਰਚ ਆਪ੍ਰੇਸ਼ਨ ਚਲਾਇਆ, ਜਿਸ ਵਿੱਚ ਨਾਰਕੋ-ਸਿੰਡੀਕੇਟ ਅਤੇ ਅਪਰਾਧੀਆਂ ਦੇ ਠਿਕਾਣਿਆਂ ‘ਤੇ ਵਿਆਪਕ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦਾ ਮਕਸਦ ਸਿਰਫ਼ ਦੋਸ਼ੀਆਂ ਨੂੰ ਕਾਬੂ ਕਰਨਾ ਨਹੀਂ, ਸਗੋਂ ਉਨ੍ਹਾਂ ਦੇ ਪੂਰੇ ਸਹਾਇਕ ਜਾਲ ਨੂੰ ਤੋੜਨਾ ਵੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ 20 ਜਨਵਰੀ ਤੋਂ 15 ਮਾਰਚ 2026 ਤੱਕ ਪੁਲਿਸ ਨੇ 44,787 ਛਾਪੇ ਮਾਰੇ, ਜਿਸ ਨਾਲ ਅਪਰਾਧਿਕ ਗਿਰੋਹਾਂ ਵਿੱਚ ਹੜਕੰਪ ਮਚ ਗਿਆ। ਇਸ ਦੌਰਾਨ 14,894 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 14,561 ਲੰਬੇ ਸਮੇਂ ਤੋਂ ਲੋੜੀਂਦੇ ਅਪਰਾਧੀ ਸਨ। ਇਸ ਤੋਂ ਇਲਾਵਾ 333 ਸਾਥੀਆਂ ਅਤੇ 714 ਐਲਾਨੇ ਹੋਏ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਗਿਆ। ਇਹ ਕਾਰਵਾਈ ਗੈਂਗਸਟਰਾਂ ਦੇ ਸਹਾਇਕ ਢਾਂਚੇ ਨੂੰ ਤੋੜਨ ਵੱਲ ਵੱਡਾ ਕਦਮ ਮੰਨੀ ਜਾ ਰਹੀ ਹੈ।
ਛਾਪੇਮਾਰੀ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਖਤਰਨਾਕ ਹਥਿਆਰ ਬਰਾਮਦ ਕੀਤੇ। 301 ਗੈਰਕਾਨੂੰਨੀ ਹਥਿਆਰ, 125 ਤੇਜ਼ਧਾਰ ਹਥਿਆਰ, 921 ਕਾਰਤੂਸ, 81 ਮੈਗਜ਼ੀਨ, 2.5 ਕਿਲੋਗ੍ਰਾਮ ਵਿਸਫੋਟਕ ਅਤੇ 6 ਹੱਥਗੋਲੇ ਜ਼ਬਤ ਕੀਤੇ ਗਏ। ਇਹ ਬਰਾਮਦਗੀਆਂ ਦਰਸਾਉਂਦੀਆਂ ਹਨ ਕਿ ਅਪਰਾਧੀ ਵੱਡੀਆਂ ਸਾਜ਼ਿਸ਼ਾਂ ਦੀ ਤਿਆਰੀ ਵਿੱਚ ਸਨ, ਜਿਨ੍ਹਾਂ ਨੂੰ ਸਮੇਂ ਸਿਰ ਨਾਕਾਮ ਕੀਤਾ ਗਿਆ।
ਇਸ ਮੁਹਿੰਮ ਦੌਰਾਨ ਗੈਂਗਸਟਰਾਂ ਦੇ ਤਕਨੀਕੀ ਜਾਲ ‘ਤੇ ਵੀ ਵੱਡੀ ਚੋਟ ਮਾਰੀ ਗਈ। ਪੁਲਿਸ ਨੇ 4,070 ਮੋਬਾਈਲ ਫੋਨ ਅਤੇ 10 ਆਧੁਨਿਕ ਡਰੋਨ ਜ਼ਬਤ ਕੀਤੇ, ਜੋ ਸੰਭਵਤ: ਸਰਹੱਦ ਪਾਰ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਲਈ ਵਰਤੇ ਜਾ ਰਹੇ ਸਨ। ਇਸ ਤੋਂ ਇਲਾਵਾ 548 ਵਾਹਨ, ₹45.6 ਲੱਖ ਨਕਦ ਅਤੇ 262 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਗਿਆ।
ਪੁਲਿਸ ਅਧਿਕਾਰੀਆਂ ਮੁਤਾਬਕ ਹੁਣ ਧਿਆਨ ਸਿਰਫ਼ ਗ੍ਰਿਫ਼ਤਾਰੀਆਂ ‘ਤੇ ਨਹੀਂ, ਸਗੋਂ ਅਪਰਾਧੀਆਂ ਦੇ ਵਿੱਤੀ ਸਰੋਤਾਂ ਅਤੇ ਸਪਲਾਈ ਚੇਨਾਂ ਨੂੰ ਖਤਮ ਕਰਨ ‘ਤੇ ਵੀ ਕੇਂਦਰਿਤ ਹੈ। ਜਦ ਤੱਕ ਉਨ੍ਹਾਂ ਦੀ ਆਰਥਿਕ ਤਾਕਤ ਨਹੀਂ ਟੁੱਟਦੀ, ਉਹ ਜੇਲ੍ਹ ਵਿੱਚੋਂ ਵੀ ਆਪਣਾ ਨੈੱਟਵਰਕ ਚਲਾ ਸਕਦੇ ਹਨ। ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਅਧੀਨ ਹਰ ਸਹਿਯੋਗੀ ਦੀ ਪਛਾਣ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੁਲਿਸ ਸਰਹੱਦ ਪਾਰ ਦੇ ਗਠਜੋੜਾਂ ਨੂੰ ਵੀ ਤੋੜਣ ‘ਤੇ ਜ਼ੋਰ ਦੇ ਰਹੀ ਹੈ। ਇਹ ਮੁਹਿੰਮ ਉਸ ਸਮੇਂ ਤੱਕ ਜਾਰੀ ਰਹੇਗੀ ਜਦ ਤੱਕ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਜਾਂਦਾ। ਮਾਹਿਰਾਂ ਦੇ ਅਨੁਸਾਰ, ਲਗਾਤਾਰ ਹੋ ਰਹੀਆਂ ਇਹ ਕਾਰਵਾਈਆਂ ਨਸ਼ੇ ਅਤੇ ਗੈਂਗਸਟਰ ਨੈੱਟਵਰਕ ਨੂੰ ਕਮਜ਼ੋਰ ਕਰਨ ਵਿੱਚ ਸਫਲ ਰਹੀਆਂ ਹਨ।
ਪੰਜਾਬ ਵਿੱਚ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਹੁਣ ਹਰ ਸ਼ੱਕੀ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਰਾਜ ਵਿੱਚ ਅਮਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
