
ਚੰਡੀਗੜ੍ਹ, 22 ਜਨਵਰੀ 2026: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀ.ਪੀ.ਆਈ.ਆਈ.ਟੀ.) ਵੱਲੋਂ ਕਰਵਾਏ ਗਏ ਸਟੇਟ ਸਟਾਰਟਅੱਪ ਰੈਂਕਿੰਗ ਦੇ ਪੰਜਵੇਂ ਐਡੀਸ਼ਨ ਵਿੱਚ ਪੰਜਾਬ ਨੇ ਇੱਕ ਵਾਰ ਫਿਰ ਸ਼੍ਰੇਣੀ ‘ਏ’ ਅੰਦਰ ‘ਟੌਪ ਪਰਫਾਰਮਰ ਸਟੇਟ’ ਵਜੋਂ ਆਪਣੀ ਮਜ਼ਬੂਤ ਪਹਿਚਾਣ ਬਣਾਈ ਹੈ। ਇਹ ਲਗਾਤਾਰ ਦੂਜੀ ਵਾਰ ਹੈ ਕਿ ਪੰਜਾਬ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਇਹ ਮਾਣਮੱਤਾ ਦਰਜਾ ਹਾਸਲ ਕੀਤਾ ਹੈ, ਜੋ ਸੂਬੇ ਵਿੱਚ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਗਤੀਸ਼ੀਲ ਸਟਾਰਟਅੱਪ ਈਕੋਸਿਸਟਮ ਦੇ ਨਿਰਮਾਣ ਵੱਲ ਕੀਤੀ ਜਾ ਰਹੀ ਨਿਰੰਤਰ ਪ੍ਰਗਤੀ ਨੂੰ ਸਾਫ਼ ਤੌਰ ’ਤੇ ਦਰਸਾਉਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਡੀ.ਪੀ.ਆਈ.ਆਈ.ਟੀ. ਵੱਲੋਂ ਸ਼ੁਰੂ ਕੀਤਾ ਗਿਆ ਇਹ ਸਟੇਟ ਸਟਾਰਟਅੱਪ ਰੈਂਕਿੰਗ ਅਭਿਆਸ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਸਰਗਰਮ ਸੁਧਾਰਾਂ, ਨੀਤੀਗਤ ਨਵੀਂਕਰਨ ਅਤੇ ਸਹਾਇਕ ਕਦਮ ਅਪਣਾਉਣ ਵੱਲ ਉਤਸ਼ਾਹਿਤ ਕਰਨ ਲਈ ਕੀਤਾ ਜਾਂਦਾ ਹੈ। ਮੌਜੂਦਾ ਐਡੀਸ਼ਨ ਵਿੱਚ ਦੇਸ਼ ਦੇ 36 ਵਿੱਚੋਂ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਭਾਗ ਲਿਆ, ਜੋ ਭਾਰਤ ਵਿੱਚ ਨਵੀਨਤਾ, ਉੱਦਮਤਾ ਅਤੇ ਸਟਾਰਟਅੱਪ ਸਭਿਆਚਾਰ ਨੂੰ ਕੌਮੀ ਤਰਜੀਹ ਦੇ ਤੌਰ ’ਤੇ ਅੱਗੇ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਰੈਂਕਿੰਗ ਅਭਿਆਸ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੰਜ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਵਿੱਚ ਬੈਸਟ ਪਰਫਾਰਮਰ, ਟੌਪ ਪਰਫਾਰਮਰ, ਲੀਡਰ, ਅਸਪਾਇਰਿੰਗ ਲੀਡਰ ਅਤੇ ਇਮਰਜਿੰਗ ਸਟੇਟ ਸ਼ਾਮਲ ਹਨ। 1 ਜਨਵਰੀ 2023 ਤੋਂ 31 ਅਕਤੂਬਰ 2024 ਤੱਕ ਦੀ ਮਿਆਦ ਦੌਰਾਨ ਸਟਾਰਟਅੱਪ ਈਕੋਸਿਸਟਮ ਦੀ ਵਿਕਾਸ ਯਾਤਰਾ ਦਾ ਮੁਲਾਂਕਣ ਛੇ ਅਹਿਮ ਅਤੇ ਮੁੱਖ ਸੁਧਾਰ ਖੇਤਰਾਂ ਵਿੱਚ ਕੀਤੀ ਗਈ ਕਾਰਗੁਜ਼ਾਰੀ ਦੇ ਆਧਾਰ ’ਤੇ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਅਤੇ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਦੀ ਗਤੀਸ਼ੀਲ ਨਿਗਰਾਨੀ ਹੇਠ ਪੰਜਾਬ ਸਰਕਾਰ ਨੇ ਸਟਾਰਟਅੱਪ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਗਤੀਸ਼ੀਲ, ਨਿਵੇਸ਼-ਅਨੁਕੂਲ ਅਤੇ ਸਮਰੱਥ ਨੀਤੀਗਤ ਵਾਤਾਵਰਣ ਸਿਰਜਣ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ‘ਸਟਾਰਟਅੱਪ ਪੰਜਾਬ’ ਪਹਿਲਕਦਮੀ ਹੇਠ, ਸ਼੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ., ਡਾਇਰੈਕਟਰ ਉਦਯੋਗ ਅਤੇ ਵਣਜ ਅਤੇ ਸਟੇਟ ਸਟਾਰਟਅੱਪ ਨੋਡਲ ਅਫਸਰ, ਪੰਜਾਬ ਦੀ ਅਗਵਾਈ ਹੇਠ ਸਟਾਰਟਅੱਪ ਲਈ ਸਟੇਟ ਨੋਡਲ ਏਜੰਸੀ ਨੇ ਡੀ.ਪੀ.ਆਈ.ਆਈ.ਟੀ. ਦੇ ਇਸ ਰੈਂਕਿੰਗ ਅਭਿਆਸ ਵਿੱਚ ਲਗਾਤਾਰ ਭਾਗ ਲੈਂਦਿਆਂ ਹਰ ਐਡੀਸ਼ਨ ਵਿੱਚ ਸੁਧਾਰ ਅਤੇ ਤਰੱਕੀ ਦਾ ਪ੍ਰਮਾਣ ਦਿੱਤਾ ਹੈ। ਇਸ ਮੌਕੇ ’ਤੇ ਸ਼੍ਰੀ ਕੇ.ਕੇ. ਯਾਦਵ, ਆਈ.ਏ.ਐਸ., ਪ੍ਰਸ਼ਾਸਕੀ ਸਕੱਤਰ, ਉਦਯੋਗ, ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗ ਨੇ ਸਟਾਰਟਅੱਪ ਪੰਜਾਬ ਦੀ ਟੀਮ ਨੂੰ ਇਸ ਵੱਕਾਰੀ ਉਪਲਬਧੀ ਲਈ ਵਧਾਈ ਦਿੱਤੀ।
