
ਚੰਡੀਗੜ੍ਹ, 17 ਜਨਵਰੀ 2026: ਨੀਤੀ ਆਯੋਗ ਵੱਲੋਂ ਜਾਰੀ ਕੀਤੇ ਗਏ ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ (ਈਪੀਆਈ)–2024 ਵਿੱਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਲੀਡਰ ਸਟੇਟ’ ਦਾ ਦਰਜਾ ਹਾਸਲ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ ਇੱਕ ਵਿਸਤ੍ਰਿਤ ਅਤੇ ਡੇਟਾ-ਅਧਾਰਤ ਮੁਲਾਂਕਣ ਢਾਂਚਾ ਹੈ, ਜੋ ਨੀਤੀ ਆਯੋਗ ਵੱਲੋਂ ਭਾਰਤ ਦੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨਿਰਯਾਤ ਸਬੰਧੀ ਤਿਆਰੀ ਨੂੰ ਪਰਖਣ ਲਈ ਤਿਆਰ ਕੀਤਾ ਗਿਆ ਹੈ। ਇਸ ਸੂਚਕਾਂਕ ਤਹਿਤ ਨੀਤੀ ਢਾਂਚਾ, ਵਪਾਰਕ ਵਾਤਾਵਰਣ, ਨਿਰਯਾਤ ਈਕੋਸਿਸਟਮ ਅਤੇ ਨਿਰਯਾਤ ਪ੍ਰਦਰਸ਼ਨ ਵਰਗੇ ਚਾਰ ਮੁੱਖ ਥੰਮ੍ਹਾਂ ਦੇ ਆਧਾਰ ’ਤੇ 70 ਤੋਂ ਵੱਧ ਸੂਚਕਾਂ ਦਾ ਅਧਿਐਨ ਕਰਕੇ ਮੁਲਾਂਕਣ ਕੀਤਾ ਜਾਂਦਾ ਹੈ, ਜਿਸ ਵਿੱਚ ਸੰਸਥਾਗਤ ਸਮਰੱਥਾ, ਖੋਜ ਅਤੇ ਵਿਕਾਸ, ਬੁਨਿਆਦੀ ਢਾਂਚਾ, ਲੌਜਿਸਟਿਕਸ ਅਤੇ ਟਰਾਂਸਪੋਰਟ ਕਨੈਕਟੀਵਿਟੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਈਪੀਆਈ–2024 ਰਿਪੋਰਟ ਨੀਤੀ ਆਯੋਗ ਦੇ ਸੀਈਓ ਬੀ.ਵੀ.ਆਰ. ਸੁਬ੍ਰਾਹਮਣੀਅਮ ਅਤੇ ਮੈਂਬਰ ਅਰਵਿੰਦ ਵਿਰਮਾਨੀ ਵੱਲੋਂ ਜਾਰੀ ਕੀਤੀ ਗਈ, ਜਿਨ੍ਹਾਂ ਨੇ ਪੰਜਾਬ ਦੀ ਮਜ਼ਬੂਤ ਨੀਤੀਗਤ ਸਹਾਇਤਾ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਨਿਰਯਾਤ ਵਾਤਾਵਰਣ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਪੰਜਾਬ ਲਈ ਮਾਣ ਵਾਲੀ ਉਪਲਬਧੀ:
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਈਪੀਆਈ–2024 ਵਿੱਚ ਪੰਜਾਬ ਨੇ ਲੈਂਡਲਾਕਡ ਸੂਬਿਆਂ ਵਿੱਚੋਂ ਦੂਜਾ ਸਥਾਨ ਹਾਸਲ ਕਰਦੇ ਹੋਏ ‘ਲੀਡਰ ਸਟੇਟ’ ਦਾ ਦਰਜਾ ਪ੍ਰਾਪਤ ਕੀਤਾ ਹੈ। ਇਹ ਉਪਲਬਧੀ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਟਾਪ ਸੱਤ ਸੂਬਿਆਂ ਵਿੱਚੋਂ ਪੰਜ ਤੱਟਵਰਤੀ ਹਨ, ਜਿਨ੍ਹਾਂ ਕੋਲ ਸਮੁੰਦਰੀ ਬੰਦਰਗਾਹਾਂ ਤੱਕ ਸਿੱਧੀ ਪਹੁੰਚ ਹੈ। ਲੈਂਡਲਾਕਡ ਹੋਣ ਦੇ ਬਾਵਜੂਦ ਪੰਜਾਬ ਦਾ ਉੱਚ ਪੱਧਰ ’ਤੇ ਦਰਜਾ ਪ੍ਰਾਪਤ ਕਰਨਾ ਸੂਬੇ ਵੱਲੋਂ ਲੌਜਿਸਟਿਕ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ, ਮਜ਼ਬੂਤ ਅੰਦਰੂਨੀ ਸੰਪਰਕ ਅਤੇ ਲਗਾਤਾਰ ਬੁਨਿਆਦੀ ਢਾਂਚਾ ਵਿਕਾਸ ਦਾ ਪ੍ਰਤੱਖ ਸਬੂਤ ਹੈ।
ਸਫਲਤਾ ਦਾ ਆਧਾਰ: ਨੀਤੀ ਸੁਧਾਰ ਅਤੇ ਪ੍ਰਭਾਵਸ਼ਾਲੀ ਸ਼ਾਸਨ
ਸੰਜੀਵ ਅਰੋੜਾ ਨੇ ਕਿਹਾ ਕਿ ਈਪੀਆਈ–2024 ਵਿੱਚ ਨੀਤੀ ਲਾਗੂ ਕਰਨ, ਪ੍ਰਸ਼ਾਸਕੀ ਸੁਧਾਰਾਂ ਅਤੇ ਨਤੀਜਾ-ਅਧਾਰਤ ਪ੍ਰਦਰਸ਼ਨ ’ਤੇ ਖਾਸ ਧਿਆਨ ਦਿੱਤਾ ਗਿਆ ਹੈ, ਜੋ ਸੂਬੇ ਦੀ ਅਸਲ ਉਦਯੋਗਿਕ ਅਤੇ ਨਿਰਯਾਤ ਸਮਰੱਥਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਇਹ ਪ੍ਰਗਤੀ ਕੱਪੜਾ ਉਦਯੋਗ, ਖੇਤੀਬਾੜੀ-ਅਧਾਰਿਤ ਪ੍ਰੋਸੈਸਿੰਗ, ਨਿਰਮਾਣ ਅਤੇ ਹੋਰ ਸਹਾਇਕ ਖੇਤਰਾਂ ਲਈ ਲਾਗੂ ਕੀਤੀਆਂ ਗਈਆਂ ਖੇਤਰ-ਵਿਸ਼ੇਸ਼ ਅਤੇ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਕਾਰੋਬਾਰ ਕਰਨ ਵਿੱਚ ਆਸਾਨੀ ਲਈ ਕੀਤੇ ਗਏ ਸੁਧਾਰਾਂ, ਸਰਲ ਰੈਗੂਲੇਟਰੀ ਪ੍ਰਕਿਰਿਆਵਾਂ ਅਤੇ ਮਜ਼ਬੂਤ ਨਿਰਯਾਤ ਈਕੋਸਿਸਟਮ ਨੇ ਐਮਐਸਐਮਈਜ਼ ਅਤੇ ਵੱਡੇ ਨਿਰਯਾਤਕਾਂ ਦੋਵਾਂ ਨੂੰ ਸਹਾਰਾ ਦਿੱਤਾ ਹੈ ਅਤੇ ਪੰਜਾਬ ਨੂੰ ਭੂਗੋਲਿਕ ਪਾਬੰਦੀਆਂ ਤੋਂ ਉਪਰ ਉੱਠ ਕੇ ਮੁਕਾਬਲੇਯੋਗ ਬਣਾਇਆ ਹੈ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਨੂੰ ਹਾਲ ਹੀ ਵਿੱਚ ਕਾਰੋਬਾਰ ਕਰਨ ਵਿੱਚ ਆਸਾਨੀ–2024 ਵਿੱਚ ‘ਟਾਪ ਅਚੀਵਰ’ ਦਾ ਦਰਜਾ ਅਤੇ ਓਡੀਓਪੀ ਐਵਾਰਡ–2024 ਵਿੱਚ ਰਾਜ ਸ਼੍ਰੇਣੀ ਵਿੱਚ ਸੋਨ ਤਮਗਾ ਵੀ ਮਿਲਿਆ ਹੈ, ਜੋ ਸੂਬੇ ਦੇ ਸੁਧਾਰ-ਕੇਂਦਰਿਤ ਅਤੇ ਉਦਯੋਗ-ਮਿੱਤਰ ਸ਼ਾਸਨ ਦੀ ਸਾਫ਼ ਤਸਵੀਰ ਪੇਸ਼ ਕਰਦਾ ਹੈ।
ਅੰਤ ਵਿੱਚ ਸੰਜੀਵ ਅਰੋੜਾ ਨੇ ਦ੍ਰਿੜ ਨਿਸ਼ਚਾ ਜਤਾਇਆ ਕਿ ਪੰਜਾਬ ਸਰਕਾਰ ਨਿਰਯਾਤ-ਮੁਖੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸੁਧਾਰਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਤਾਂ ਜੋ ਪੰਜਾਬ ਭਾਰਤ ਨੂੰ ਵਿਸ਼ਵ ਪੱਧਰ ’ਤੇ ਨਿਰਯਾਤ ਸ਼ਕਤੀ ਬਣਾਉਣ ਦੇ ਯਤਨਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਹੇ।
