
ਚੰਡੀਗੜ੍ਹ, 3 ਫਰਵਰੀ 2026: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਹੈ ਕਿ ਸਿਰਫ਼ ਬਿਹਤਰ ਅਤੇ ਸੁਰੱਖਿਅਤ ਸੜਕਾਂ ਬਣਾਉਣਾ ਹੀ ਕਾਫ਼ੀ ਨਹੀਂ, ਸਗੋਂ ਆਮ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਵੀ ਬਰਾਬਰ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਨਾਗਰਿਕਾਂ ਸਮੇਤ ਸਾਰੇ ਹਿੱਸੇਦਾਰਾਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ।
ਇਹ ਵਿਚਾਰ ਉਨ੍ਹਾਂ ਨੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਰਾਜਮਾਰਗ ਅਤੇ ਸੜਕੀ ਆਵਾਜਾਈ ਮੰਤਰਾਲਾ (ਭਾਰਤ ਸਰਕਾਰ), ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਅਤੇ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਗਈ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੌਰਾਨ ਪ੍ਰਗਟ ਕੀਤੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਬਿਹਤਰ ਸੜਕੀ ਨੈੱਟਵਰਕ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਯਾਤਰਾ ਦਾ ਸਮਾਂ ਕਾਫ਼ੀ ਘੱਟ ਹੋਇਆ ਹੈ। ਹਾਲਾਂਕਿ, ਉਨ੍ਹਾਂ ਚੇਤਾਵਨੀ ਦਿੱਤੀ ਕਿ ਤੇਜ਼ ਆਵਾਜਾਈ ਨਾਲ ਸੜਕੀ ਹਾਦਸਿਆਂ ਦਾ ਜੋਖਮ ਵੀ ਵਧ ਜਾਂਦਾ ਹੈ। ਇਸ ਲਈ ਲੋਕਾਂ ਨੂੰ ਸੜਕਾਂ ‘ਤੇ ਚੱਲਦਿਆਂ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਦੋ ਪਹੀਆ ਵਾਹਨ ਚਲਾਉਣ ਵਾਲੇ ਹੈਲਮਟ ਸਿਰ ‘ਤੇ ਪਹਿਨਣ ਦੀ ਬਜਾਏ ਹੱਥ ਵਿੱਚ ਫੜ੍ਹ ਲੈਂਦੇ ਹਨ ਜਾਂ ਵਾਹਨ ਦੇ ਹੈਂਡਲ ‘ਤੇ ਟੰਗ ਲੈਂਦੇ ਹਨ, ਜੋ ਕਿ ਘਾਤਕ ਸਾਬਤ ਹੋ ਸਕਦਾ ਹੈ। ਜਦੋਂ ਹਾਦਸਾ ਵਾਪਰਦਾ ਹੈ ਤਾਂ ਇਸ ਲਾਪਰਵਾਹੀ ਦਾ ਭਾਰੀ ਨੁਕਸਾਨ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣਾ ਨਾ ਸਿਰਫ਼ ਆਪਣੀ ਜਾਨ ਲਈ ਖ਼ਤਰਾ ਹੈ, ਸਗੋਂ ਬੇਕਸੂਰ ਰਾਹਗੀਰਾਂ ਦੀ ਜ਼ਿੰਦਗੀ ਨੂੰ ਵੀ ਖਤਰੇ ਵਿੱਚ ਪਾ ਦਿੰਦਾ ਹੈ। ਉਨ੍ਹਾਂ ਐਨਐਚਏਆਈ ਅਤੇ ਸੜਕ ਸੁਰੱਖਿਆ ਲਈ ਲੀਡ ਏਜੰਸੀ ਨੂੰ ਹਾਦਸਿਆਂ ਦੇ ਸੰਵੇਦਨਸ਼ੀਲ ਸਥਾਨਾਂ (ਬਲੈਕ ਸਪਾਟਸ) ਨੂੰ ਦੂਰ ਕਰਨ ਲਈ ਹੋਰ ਤੇਜ਼ੀ ਨਾਲ ਕਦਮ ਚੁੱਕਣ ਦੀ ਅਪੀਲ ਕੀਤੀ।
ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨਾ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ ਹੈ। ਇਸ ਉਪਰਾਲੇ ਨਾਲ ਸੂਬੇ ਵਿੱਚ ਸੜਕੀ ਹਾਦਸਿਆਂ ਦੌਰਾਨ ਮੌਤਾਂ ਦੀ ਗਿਣਤੀ ਵਿੱਚ ਘਟਾਓ ਆਇਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਹਾਦਸਾ ਵਾਪਰਦਾ ਹੈ ਤਾਂ ਪੀੜਤਾਂ ਦੀ ਤੁਰੰਤ ਮਦਦ ਕੀਤੀ ਜਾਵੇ, ਕਿਉਂਕਿ ਜਿੰਨੀ ਜਲਦੀ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਜਾਵੇ, ਉਸਦੀ ਜਾਨ ਬਚਣ ਦੀ ਸੰਭਾਵਨਾ ਉਨੀ ਵੱਧ ਹੁੰਦੀ ਹੈ।
ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਸੜਕ ਸੁਰੱਖਿਆ ਦੇ ਆਧੁਨਿਕ ਮਿਆਰਾਂ ਨੂੰ ਅਪਣਾਉਣ ਲਈ ਸਾਰੇ ਸਬੰਧਤ ਵਿਭਾਗਾਂ ਨਾਲ ਸਹਿਯੋਗ ਕਰੇਗਾ। ਉਨ੍ਹਾਂ ਅਨੁਸਾਰ ਯੋਜਨਾਬੱਧ ਸੜਕ ਡਿਜ਼ਾਈਨ, ਨਿਯਮਤ ਰੱਖ-ਰਖਾਅ ਅਤੇ ਸੁਰੱਖਿਅਤ ਇੰਜੀਨੀਅਰਿੰਗ ਮਿਆਰ ਹਾਦਸਿਆਂ ਵਿੱਚ ਕਮੀ ਲਿਆਉਣ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਵਿੱਚ ਅਹੰਮ ਭੂਮਿਕਾ ਨਿਭਾਉਂਦੇ ਹਨ।ਵਰਕਸ਼ਾਪ ਦੌਰਾਨ ਵੱਖ-ਵੱਖ ਸੀਨੀਅਰ ਅਧਿਕਾਰੀਆਂ ਨੇ “ਸੇਫ ਸਿਸਟਮ ਐਪ੍ਰੋਚ” ਦੀ ਲੋੜ ‘ਤੇ ਜ਼ੋਰ ਦਿੱਤਾ, ਜਿਸ ਅਧੀਨ ਸੁਰੱਖਿਅਤ ਸੜਕੀ ਡਿਜ਼ਾਈਨ, ਪ੍ਰਭਾਵਸ਼ਾਲੀ ਕਾਨੂੰਨੀ ਲਾਗੂਕਰਨ ਅਤੇ ਨਿਰੰਤਰ ਜਨਤਕ ਜਾਗਰੂਕਤਾ ਨੂੰ ਮੁੱਖ ਤੌਰ ‘ਤੇ ਸ਼ਾਮਲ ਕੀਤਾ ਗਿਆ।
ਐਨਐਚਏਆਈ ਦੇ ਖੇਤਰੀ ਅਧਿਕਾਰੀ ਸ੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਸੜਕ ਸੁਰੱਖਿਆ ਦੇ ਨਤੀਜੇ ਸੁਰੱਖਿਅਤ ਇੰਜੀਨੀਅਰਿੰਗ, ਨਿਯੰਤਰਿਤ ਗਤੀ, ਸੁਰੱਖਿਅਤ ਵਾਹਨ ਅਤੇ ਹਾਦਸੇ ਤੋਂ ਬਾਅਦ ਤੁਰੰਤ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਦੇ ਮਿਲੇ-ਜੁਲੇ ਪ੍ਰਭਾਵ ‘ਤੇ ਨਿਰਭਰ ਕਰਦੇ ਹਨ। ਉਨ੍ਹਾਂ ਐਨਐਚਏਆਈ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਜਿਵੇਂ ਕਿ ਸੜਕ ਸੁਰੱਖਿਆ ਆਡਿਟ, ਬਲੈਕ ਸਪਾਟਸ ਦੀ ਸੁਧਾਰ, ਸੜਕਾਂ ਦੀ ਜਿਓਮੈਟਰੀ ਵਿੱਚ ਬਿਹਤਰੀ, ਕਰੈਸ਼ ਬੈਰੀਅਰ, ਸਪੱਸ਼ਟ ਸੰਕੇਤ, ਰੋਡ ਮਾਰਕਿੰਗ ਅਤੇ ਪੈਦਲ ਯਾਤਰੀਆਂ ਲਈ ਸੁਵਿਧਾਜਨਕ ਬੁਨਿਆਦੀ ਢਾਂਚੇ ਬਾਰੇ ਵੀ ਜਾਣਕਾਰੀ ਦਿੱਤੀ।
ਪੰਜਾਬ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਸੜਕ ਸੁਰੱਖਿਆ ਲਈ ਲੀਡ ਏਜੰਸੀ ਦੇ ਡਾਇਰੈਕਟਰ ਜਨਰਲ ਸ੍ਰੀ ਪਰਨੀਤ ਸ਼ੇਰਗਿੱਲ ਨੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 2026 ਦੌਰਾਨ ਸੂਬੇ ਭਰ ਵਿੱਚ ਕਰਵਾਈਆਂ ਗਈਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਜਾਗਰੂਕਤਾ ਮੁਹਿੰਮਾਂ, ਕਾਨੂੰਨੀ ਲਾਗੂਕਰਨ ਅਭਿਆਨਾਂ, ਹੈਲਮਟ ਅਤੇ ਸੀਟ ਬੈਲਟ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਡਰਾਈਵਰਾਂ ਵਿੱਚ ਸੰਵੇਦਨਸ਼ੀਲਤਾ ਪੈਦਾ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਹਾਦਸਿਆਂ ਵਿੱਚ ਕਮੀ ਲਈ ਮਜ਼ਬੂਤ ਅੰਤਰ-ਵਿਭਾਗੀ ਤਾਲਮੇਲ ਦੀ ਲੋੜ ਨੂੰ ਰੇਖਾਂਕਿਤ ਕੀਤਾ।
ਇਸ ਮੌਕੇ ਸਪੈਸ਼ਲ ਡੀਜੀਪੀ (ਟ੍ਰੈਫਿਕ) ਪੰਜਾਬ ਸ੍ਰੀ ਏ.ਐਸ. ਰਾਏ ਨੇ ਸੂਬੇ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵਿਰੁੱਧ ਕੀਤੀਆਂ ਕਾਰਵਾਈਆਂ ਅਤੇ ਚਲਾਈਆਂ ਗਈਆਂ ਵਿਆਪਕ ਜਨਤਕ ਜਾਗਰੂਕਤਾ ਮੁਹਿੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਸੁਰੱਖਿਆ ਲਈ ਲੋਕਾਂ ਦੇ ਵਿਹਾਰ ਵਿੱਚ ਸਥਾਈ ਤਬਦੀਲੀ ਲਿਆਉਣ ਵਾਸਤੇ ਕਾਨੂੰਨ ਲਾਗੂਕਰਨ ਦੇ ਨਾਲ-ਨਾਲ ਜਨਤਕ ਸਚੇਤਨਾ ਬਹੁਤ ਜ਼ਰੂਰੀ ਹੈ।
ਵਰਕਸ਼ਾਪ ਦੇ ਅੰਤ ਵਿੱਚ ਸੜਕ ਸੁਰੱਖਿਆ ਲਈ ਲੀਡ ਏਜੰਸੀ ਦੇ ਜੁਆਇੰਟ ਡਾਇਰੈਕਟਰ (ਪ੍ਰਬੰਧ) ਸ੍ਰੀ ਪਰਮਜੀਤ ਸਿੰਘ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਸੜਕ ਸੁਰੱਖਿਆ ਖੇਤਰ ਵਿੱਚ ਐਨਐਚਏਆਈ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਵਿੱਚ ਸੜਕ ਸੁਰੱਖਿਆ ਸੰਬੰਧੀ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਸਹਿਯੋਗ ਦੀ ਆਸ ਵੀ ਜਤਾਈ।
