
ਸ਼੍ਰੀ ਅਨੰਦਪੁਰ ਸਾਹਿਬ, 01 ਮਾਰਚ 2026: ਖਾਲਸਾਈ ਸ਼ਾਨ ਅਤੇ ਰੂਹਾਨੀ ਵਿਰਾਸਤ ਦੇ ਪ੍ਰਤੀਕ ਹੋਲਾ ਮਹੱਲਾ ਤਿਉਹਾਰ ਦੇ ਮੌਕੇ ‘ਤੇ 2 ਤੋਂ 4 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਮਹਾਨ ਧਾਰਮਿਕ ਸਮਾਗਮ ਨੂੰ ਸ਼ਾਂਤੀਪੂਰਨ, ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਰਹਿਨੁਮਾਈ ਹੇਠ ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਜਸਪ੍ਰੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਾਈਆਂ ਗਈਆਂ ਸਾਰੀਆਂ ਪਾਰਕਿੰਗ ਥਾਵਾਂ ਦਾ ਵਿਸਥਾਰ ਨਾਲ ਨਿਰੀਖਣ ਕੀਤਾ। ਪਾਰਕਿੰਗ ਇਲਾਕਿਆਂ ਵਿੱਚ ਰੌਸ਼ਨੀ, ਸੁਰੱਖਿਆ ਪ੍ਰਬੰਧ, ਸਫ਼ਾਈ ਅਤੇ ਦਿਸ਼ਾ-ਨਿਰਦੇਸ਼ ਬੋਰਡਾਂ ਦੀ ਉਪਲਬਧਤਾ ਦੀ ਜਾਂਚ ਕੀਤੀ ਗਈ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿਕ਼ਕਤ ਨਾ ਹੋਵੇ।
ਪ੍ਰਸ਼ਾਸਨ ਵੱਲੋਂ ਸਾਫ਼ ਪੀਣਯੋਗ ਪਾਣੀ ਦੀ ਸਹੂਲਤ, ਆਰਜ਼ੀ ਸ਼ੌਚਾਲਿਆਂ ਦੀ ਸਫ਼ਾਈ ਅਤੇ ਭੀੜਭਾੜ ਵਾਲੇ ਸਥਾਨਾਂ ‘ਤੇ ਲਗਾਈਆਂ ਗਈਆਂ ਸਹਾਇਤਾ ਡੈਸਕਾਂ ਦੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲਿਆ ਗਿਆ। ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ ਵਿੱਚ ਡਾਕਟਰੀ ਸਹੂਲਤਾਂ, ਦਵਾਈਆਂ ਦੀ ਪ੍ਰਚੁਰਤਾ ਅਤੇ ਐਮਰਜੈਂਸੀ ਸੇਵਾਵਾਂ ਦੀ ਤਿਆਰੀ ਨੂੰ ਵੀ ਪਰਖਿਆ ਗਿਆ, ਤਾਂ ਜੋ ਕਿਸੇ ਵੀ ਤੁਰੰਤ ਸਿਹਤ ਸੰਬੰਧੀ ਸਥਿਤੀ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ।
ਸ਼ਰਧਾਲੂਆਂ ਦੀ ਆਵਾਜਾਈ ਨੂੰ ਆਸਾਨ ਅਤੇ ਸੁਚਾਰੂ ਬਣਾਉਣ ਲਈ ਈ-ਰਿਕਸ਼ਾ ਸੇਵਾ ਦੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਗਈ। ਰੂਟ ਯੋਜਨਾ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਇੰਤਜ਼ਾਮ ਢੰਗ ਨਾਲ ਚੱਲ ਰਹੇ ਹਨ ਅਤੇ ਸ਼ਰਧਾਲੂਆਂ ਦੀ ਸਹੂਲਤ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੈ।
