
ਸੰਗਰੂਰ, 8 ਫਰਵਰੀ 2026: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸ. ਸੁਖਵੀਰ ਸਿੰਘ ਨੇ ਧੂਰੀ ਸ਼ਹਿਰ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦੇ ਉਦੇਸ਼ ਨਾਲ ਅੱਜ ਧੂਰੀ ਵਿੱਚ ਕਰੀਬ ਸਵਾ ਚਾਰ ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਹ ਕਾਰਜ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਧੂਰੀ ਨੂੰ ਸੁੰਦਰ ਅਤੇ ਆਕਰਸ਼ਕ ਸ਼ਹਿਰ ਬਣਾਉਣ ਦੀ ਲੜੀ ਦਾ ਇੱਕ ਅਹਿਮ ਹਿੱਸਾ ਹਨ।
ਸ. ਸੁਖਵੀਰ ਸਿੰਘ ਨੇ ਸਭ ਤੋਂ ਪਹਿਲਾਂ ਵਾਰਡ ਨੰਬਰ 9 ਵਿਖੇ ਸੰਗਰੂਰ ਵਾਲੇ ਪਾਸੇ ਤੋਂ ਧੂਰੀ ਸ਼ਹਿਰ ਦੇ ਮੁੱਖ ਐਂਟਰੀ ਪੁਆਇੰਟ ਦੇ ਸੁੰਦਰਤਾ ਨਿਰਮਾਣ ਅਤੇ ਨਵੀਨੀਕਰਨ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ। ਇਸ ਪ੍ਰਾਜੈਕਟ ਦੀ ਲਾਗਤ 2 ਕਰੋੜ 15 ਲੱਖ ਰੁਪਏ ਹੈ। ਇਸ ਤਹਿਤ ਲਗਭਗ 80 ਹਜ਼ਾਰ ਵਰਗ ਫੁੱਟ ਖੇਤਰ ਵਿੱਚ ਉੱਚ-ਗੁਣਵੱਤਾ ਵਾਲੀਆਂ ਟਾਈਲਾਂ ਲਗਾਈਆਂ ਜਾਣਗੀਆਂ। ਸ਼ਹਿਰ ਦੀ ਦਿੱਖ ਨੂੰ ਹੋਰ ਆਕਰਸ਼ਕ ਬਣਾਉਣ ਲਈ 19 ਸਿੰਗਲ ਬ੍ਰੈਕਟ ਅਤੇ 12 ਡਬਲ ਬ੍ਰੈਕਟ ਲਾਈਟ ਪੋਲ ਸਥਾਪਿਤ ਕੀਤੇ ਜਾਣਗੇ। ਐਂਟਰੀ ਪੁਆਇੰਟ ’ਤੇ ਪਾਮ ਦੇ ਦਰੱਖਤ ਲਗਾਏ ਜਾਣਗੇ ਅਤੇ ਉਨ੍ਹਾਂ ਨੂੰ ਹਾਈਲਾਈਟ ਕਰਨ ਲਈ ਕਰੀਬ 40 ਲਾਈਟਾਂ ਵੀ ਲਗਾਈਆਂ ਜਾਣਗੀਆਂ, ਜਿਸ ਨਾਲ ਰਾਤ ਦੇ ਸਮੇਂ ਧੂਰੀ ਸ਼ਹਿਰ ਦੀ ਐਂਟਰੀ ਹੋਰ ਵੀ ਮਨਮੋਹਕ ਅਤੇ ਆਕਰਸ਼ਕ ਬਣ ਜਾਵੇਗੀ। ਇਸੇ ਤਰ੍ਹਾਂ, ਆਈ.ਟੀ.ਆਈ. ਸੜਕ ਦੀ ਨਵੀਨੀਕਰਨ ਕਾਰਜਾਂ ਦੀ ਲਾਗਤ 67 ਲੱਖ ਰੁਪਏ ਹੈ।
ਇਸ ਦੇ ਨਾਲ-ਨਾਲ, ਵਾਰਡ ਨੰਬਰ 4 ਵਿੱਚ ਕਰੀਬ 1 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੀ ਕੀਤੀ ਗਈ। ਇਹ ਕਾਰਜ ਗੋਲ ਪਾਰਕ ਨੇੜੇ ਅਤੇ ਸਿਲਾਈ ਕੇਂਦਰ ਖੇਤਰ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ, ਪੀ.ਵੀ.ਸੀ. ਪਾਈਪ ਪਾਉਣ ਅਤੇ ਗਲੀਆਂ-ਨਾਲੀਆਂ ਦੇ ਨਵੀਨੀਕਰਨ ‘ਤੇ ਕੇਂਦਰਿਤ ਹਨ। ਇਸ ਨਾਲ ਇਲਾਕੇ ਦੀ ਸਫ਼ਾਈ, ਆਵਾਜਾਈ ਪ੍ਰਣਾਲੀ ਅਤੇ ਰਹਿਣ-ਸਹਿਣ ਦੇ ਸਥਾਨਾਂ ਦੀ ਸੁਧਾਰ ਹੋਵੇਗੀ।
ਸ. ਸੁਖਵੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹਿਰਾਂ ਅਤੇ ਕਸਬਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਧੂਰੀ ਸ਼ਹਿਰ ਨੂੰ ਸੁੰਦਰ, ਸਾਫ਼-ਸੁਥਰਾ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਧੂਰੀ ਵਾਸੀਆਂ ਦੀ ਸਭ ਤੋਂ ਵੱਡੀ ਲੰਮੀ ਮੰਗ ਰੇਲਵੇ ਓਵਰ ਬ੍ਰਿਜ ਦੀ ਨਿਰਮਾਣ ਕਾਰਜ ਹੈ। ਇਸ ਦਾ ਟੈਂਡਰ ਹੋ ਚੁੱਕਾ ਹੈ ਅਤੇ ਜਲਦੀ ਹੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਰੇਲਵੇ ਓਵਰ ਬ੍ਰਿਜ ਦੀ ਸ਼ੁਰੂਆਤ ਕਰਵਾਉਣਗੇ। 54 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਓਵਰ ਬ੍ਰਿਜ ਨਾਲ ਧੂਰੀ ਸ਼ਹਿਰ ਦੀ ਟਰੈਫਿਕ ਸਮੱਸਿਆ ਵੀ ਹੱਲ ਹੋ ਜਾਵੇਗੀ।
ਇਸ ਮੌਕੇ ਓ.ਐਸ.ਡੀ. ਸ. ਸੁਖਵੀਰ ਸਿੰਘ ਤ੍ਰਿਮੂਰਤੀ ਸ਼ਿਵ ਜਯੰਤੀ ਮਹਾਂਉਤਸਵ ਦੇ ਮੌਕੇ ਸਨਾਤਨ ਧਰਮ ਸਭਾ ਵਿਖੇ ਆਯੋਜਿਤ ਸਮਾਗਮ ਵਿੱਚ ਵੀ ਸ਼ਾਮਲ ਹੋਏ।ਸੰਬੋਧਨ ਦੌਰਾਨ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਪੰਜਾਬ ਵਕ਼ਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਅਨਿਲ ਮਿੱਤਲ, ਪੁਸ਼ਪਿੰਦਰ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਰਮਨਦੀਪ ਸਿੰਘ, ਵਿਜੈ ਕੁਮਾਰ ਗੋਇਲ, ਸ਼ਾਮ ਸਿੰਗਲਾ, ਨਰੇਸ਼ ਸਿੰਗਲਾ, ਜਸਪਾਲ ਭੁੱਲਰ, ਰਛਪਾਲ ਸਿੰਘ ਅਤੇ ਰਾਜੀਵ ਚੌਧਰੀ ਸਮੇਤ ਵੱਡੀ ਗਿਣਤੀ ਧੂਰੀ ਵਾਸੀ ਵੀ ਮੌਜੂਦ ਸਨ।
