
ਨੰਗਲ, 30 ਸਤੰਬਰ 2026: ਨੰਗਲ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਵਾਲਾ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਸਫਾਈ ਮੁਹਿੰਮ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ। ਇਸ ਦੇ ਬਾਵਜੂਦ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੁਹਿੰਮ ਦੀ ਜ਼ਮੀਨੀ ਪੱਧਰ ’ਤੇ ਨਿਗਰਾਨੀ ਲਗਾਤਾਰ ਜਾਰੀ ਹੈ। ਮੰਤਰੀ ਪਿਛਲੇ ਇੱਕ ਮਹੀਨੇ ਤੋਂ ਨਿਯਮਿਤ ਤੌਰ ’ਤੇ ਨੰਗਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਸਫਾਈ ਪ੍ਰਬੰਧਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਖੁਦ ਜਾਇਜ਼ਾ ਲੈ ਰਹੇ ਹਨ।
ਇਸੇ ਲੜੀ ਤਹਿਤ ਅੱਜ ਹਰਜੋਤ ਸਿੰਘ ਬੈਂਸ ਨੇ ਨੰਗਲ ਦੇ ਵਾਰਡ ਨੰਬਰ-1 ਦਾ ਦੌਰਾ ਕੀਤਾ। ਉਨ੍ਹਾਂ ਨੇ ਵਾਰਡ ਵਿੱਚ ਚੱਲ ਰਹੇ ਸਫਾਈ ਕਾਰਜਾਂ ਤੋਂ ਇਲਾਵਾ ਹੋਰ ਬੁਨਿਆਦੀ ਕੰਮਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਫਾਈ ਕਰਮਚਾਰੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਮੌਕੇ ’ਤੇ ਗੱਲਬਾਤ ਕਰਦਿਆਂ ਸਫਾਈ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਦੌਰੇ ਦੌਰਾਨ ਮੰਤਰੀ ਨੇ ਵਾਰਡ ਵਾਸੀਆਂ ਨਾਲ ਸਿੱਧਾ ਸੰਪਰਕ ਕੀਤਾ ਅਤੇ ਉਨ੍ਹਾਂ ਦੀਆਂ ਸਥਾਨਕ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਲੋਕਾਂ ਨੇ ਸਫਾਈ ਪ੍ਰਬੰਧਾਂ, ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਆਪਣੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ। ਹਰਜੋਤ ਸਿੰਘ ਬੈਂਸ ਨੇ ਲੋਕਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਸਬੰਧਤ ਅਧਿਕਾਰੀਆਂ ਨੂੰ ਕਈ ਮਾਮਲਿਆਂ ਵਿੱਚ ਮੌਕੇ ’ਤੇ ਹੀ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਿਕਸਿਤ ਸ਼ਹਿਰ ਬਣਾਉਣ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਸਫਾਈ ਮੁਹਿੰਮ ਸ਼ੁਰੂ ਕਰਨਾ ਹੀ ਕਾਫ਼ੀ ਨਹੀਂ, ਸਗੋਂ ਇਸ ਦੇ ਨਤੀਜੇ ਜ਼ਮੀਨੀ ਪੱਧਰ ’ਤੇ ਵੀ ਸਪੱਸ਼ਟ ਤੌਰ ’ਤੇ ਦਿਖਾਈ ਦੇਣੇ ਚਾਹੀਦੇ ਹਨ। ਇਸੇ ਮਕਸਦ ਨਾਲ ਉਹ ਖੁਦ ਵੱਖ-ਵੱਖ ਵਾਰਡਾਂ ਵਿੱਚ ਪਹੁੰਚ ਕੇ ਸਫਾਈ ਪ੍ਰਬੰਧਾਂ ਦੀ ਸਮੀਖਿਆ ਕਰ ਰਹੇ ਹਨ ਅਤੇ ਲੋਕਾਂ ਨਾਲ ਸਿੱਧੀ ਗੱਲਬਾਤ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਿਰਫ਼ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸਫਾਈ ਕਰਮਚਾਰੀਆਂ ਦੀ ਨਹੀਂ ਹੈ, ਸਗੋਂ ਸ਼ਹਿਰ ਵਾਸੀਆਂ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਨਾਗਰਿਕ ਆਪਣੇ ਘਰ, ਦੁਕਾਨ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਸਾਫ਼ ਰੱਖਣ ਲਈ ਆਪਣਾ ਯੋਗਦਾਨ ਪਾਵੇ ਤਾਂ ਨੰਗਲ ਨੂੰ ਹੋਰ ਵੀ ਸੁੰਦਰ ਅਤੇ ਸਾਫ਼ ਬਣਾਇਆ ਜਾ ਸਕਦਾ ਹੈ।
ਸਥਾਨਕ ਸਰਕਾਰਾਂ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ-ਕਰਕਟ ਇੱਧਰ-ਉੱਧਰ ਨਾ ਸੁੱਟਣ ਅਤੇ ਕੂੜੇ ਦੇ ਸੁਚੱਜੇ ਨਿਪਟਾਰੇ ਲਈ ਸਫਾਈ ਕਰਮਚਾਰੀਆਂ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਸਫਾਈ ਮੁਹਿੰਮ ਨੂੰ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਿਆ ਜਾ ਸਕਦਾ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਨੂੰ ਸਾਫ਼-ਸੁਥਰਾ ਅਤੇ ਵਿਕਸਿਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜਾਇਜ਼ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਨਾ ਅਤੇ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਨੰਗਲ ਦੇ ਹਰ ਵਾਰਡ ਵਿੱਚ ਸਫਾਈ ਅਤੇ ਵਿਕਾਸ ਕਾਰਜਾਂ ਦੀ ਨਿਰੰਤਰ ਸਮੀਖਿਆ ਕੀਤੀ ਜਾਵੇਗੀ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨ ਕੀਤੇ ਜਾਣਗੇ।
ਇਸ ਮੌਕੇ ਡਾ. ਸੰਜੀਵ ਗੌਤਮ, ਜ਼ਿਲ੍ਹਾ ਪ੍ਰਧਾਨ, ਦਿਲਬਾਗ ਚੰਦੇਲ, ਸੁਮਿਤ ਅਗਨਿਸੰਦਲ, ਨਿਸ਼ਾਨ ਗੁਪਤਾ, ਸੰਦੀਪ ਕੁਮਾਰ ਐਡਵੋਕੇਟ, ਅਮਨਦੀਪ ਅਗਨਿਹੁੰਦਲ, ਰਾਹੁਲ, ਰੋਹਿਤ ਰਾਣਾ, ਮਨੀਸ਼ ਮਨੂੰ, ਕੇਰ ਸਿੰਘ ਨਰਿੰਦਰ, ਅਵਤਾਰ ਸਿੰਘ, ਸੁਰਿੰਦਰ ਕੁਮਾਰ, ਗੁਰਭਗ ਸਿੰਘ ਓ.ਐੱਸ.ਡੀ., ਦਲਜੀਤ ਸਿੰਘ, ਕਾਕਾ ਨੰਗਰਾ, ਨਿਤਿਨ ਸ਼ਰਮਾ, ਐਸ.ਈ. ਯੁੱਧਵੀਰ ਸਿੰਘ, ਮਦਨ ਲਾਲ ਸੈਨੇਟਰੀ ਇੰਸਪੈਕਟਰ ਅਤੇ ਜਸਵੰਤ ਜੇ.ਈ. ਸਮੇਤ ਹੋਰ ਪਤਵੰਤੇ ਅਤੇ ਅਧਿਕਾਰੀ ਹਾਜ਼ਰ ਸਨ।
