
ਨੰਗਲ, 29 ਮਾਰਚ 2026: ਨੰਗਲ ਸ਼ਹਿਰ ਲਈ 31 ਮਾਰਚ ਦਾ ਦਿਨ ਇਤਿਹਾਸਕ ਬਣਨ ਜਾ ਰਿਹਾ ਹੈ, ਜਿਸਨੂੰ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ। ਕੈਬਨਿਟ ਮੰਤਰੀ Harjot Singh Bains ਦੀ ਲਗਾਤਾਰ ਮਿਹਨਤ ਅਤੇ ਵਚਨਬੱਧਤਾ ਨਾਲ ਨੰਗਲ ਵਿੱਚ ਵਿਕਾਸ ਦੀ ਨਵੀਂ ਰਫ਼ਤਾਰ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਮੁੱਖ ਮੰਤਰੀ Bhagwant Mann ਵੱਲੋਂ ਕਈ ਅਹਿਮ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ, ਜੋ ਇਲਾਕੇ ਦੇ ਢਾਂਚਾਗਤ ਵਿਕਾਸ ਨੂੰ ਮਜ਼ਬੂਤ ਕਰਨ ਦੇ ਨਾਲ ਲੋਕਾਂ ਦੀ ਜੀਵਨ ਗੁਣਵੱਤਾ ਵਿੱਚ ਵੀ ਸੁਧਾਰ ਲਿਆਉਣਗੇ।
ਐਨ.ਐਫ.ਐਲ. ਗਰਾਊਂਡ ਵਿੱਚ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਨੰਗਲ ਵਿੱਚ ਬਣਾਇਆ ਜਾ ਰਿਹਾ ਹੈ, ਜੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਨਾਲ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ। ਇਸ ਤੋਂ ਇਲਾਵਾ, 23 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹਿਆ “ਸ਼ਹੀਦ ਕੈਪਟਨ ਅਮੋਲ ਕਾਲੀਆ ਸੈਂਟਰ ਆਫ ਐਕਸੀਲੈਂਸ” ਨੌਜਵਾਨਾਂ ਲਈ ਰੋਜ਼ਗਾਰ ਅਤੇ ਹੁਨਰ ਵਿਕਾਸ ਦੇ ਨਵੇਂ ਮੌਕੇ ਪੈਦਾ ਕਰੇਗਾ, ਜਿੱਥੇ ਡਰੋਨ ਟ੍ਰੇਨਿੰਗ ਅਤੇ ਏਅਰ ਹੋਸਟਸ ਵਰਗੀਆਂ ਆਧੁਨਿਕ ਟਰੇਡਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਸ ਦੇ ਨਾਲ ਹੀ, ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਸਾਫ਼ ਪੀਣਯੋਗ ਪਾਣੀ ਦੀ ਸਪਲਾਈ ਲਈ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਨੰਗਲ ਦੇ ਲੋਕਾਂ ਨੂੰ ਸੁੱਧ ਜਲ ਉਪਲਬਧ ਹੋਵੇਗਾ। ਸਕੂਲ ਆਫ ਐਮੀਨੈਂਸ ਵਿੱਚ 500 ਸੀਟਾਂ ਵਾਲੇ ਆਡੀਟੋਰੀਅਮ ਦੀ ਉਸਾਰੀ ਵੀ ਜਾਰੀ ਹੈ, ਜੋ ਵਿਦਿਆਰਥੀਆਂ ਲਈ ਸਿੱਖਿਆਕ ਅਤੇ ਸਾਂਸਕ੍ਰਿਤਿਕ ਗਤੀਵਿਧੀਆਂ ਦਾ ਕੇਂਦਰ ਬਣੇਗਾ। ਇਹ ਸਾਰੇ ਪ੍ਰੋਜੈਕਟ ਨੰਗਲ ਦੇ ਸਮੂਹਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ।
31 ਮਾਰਚ ਨੂੰ ਐਨ.ਐਫ.ਐਲ. ਗਰਾਊਂਡ ਵਿੱਚ ਹੋਣ ਵਾਲੀ ਮੈਗਾ ਵਿਕਾਸ ਰੈਲੀ ਵੀ ਇਸ ਦਿਨ ਦੀ ਵਿਸ਼ੇਸ਼ ਪਹਿਚਾਣ ਹੋਵੇਗੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਦੀ ਉਮੀਦ ਹੈ। ਇਸ ਰੈਲੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਬੋਧਨ ਕਰਨਗੇ। ਸਮਾਗਮ ਦੀਆਂ ਤਿਆਰੀਆਂ ਦੀ ਖੁਦ ਨਿਗਰਾਨੀ ਕਰਦੇ ਹੋਏ ਹਰਜੋਤ ਸਿੰਘ ਬੈਂਸ ਇਹ ਯਕੀਨੀ ਬਣਾ ਰਹੇ ਹਨ ਕਿ ਹਰ ਪ੍ਰਬੰਧ ਸੁਚੱਜੇ ਢੰਗ ਨਾਲ ਹੋਵੇ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ।
ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਵਿਕਾਸ ਦੇ ਕਈ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ। ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਕੈਸ਼ਲੈੱਸ ਇਲਾਜ, ਮਹਿਲਾਵਾਂ ਲਈ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਵਾਅਦੇ ਅਤੇ ਨੌਜਵਾਨਾਂ ਲਈ ਵੱਡੇ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਰਗੇ ਕਦਮ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। Arvind Kejriwal ਦੀ ਸੋਚ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਵੀ ਵੱਡੇ ਸੁਧਾਰ ਦਰਜ ਕੀਤੇ ਗਏ ਹਨ।
ਨੰਗਲ ਵਿੱਚ 31 ਮਾਰਚ ਨੂੰ ਹੋਣ ਵਾਲਾ ਇਹ ਵੱਡਾ ਸਮਾਗਮ ਇਨ੍ਹਾਂ ਸਾਰੀਆਂ ਉਪਲਬਧੀਆਂ ਨੂੰ ਲੋਕਾਂ ਸਾਹਮਣੇ ਰੱਖਣ ਦਾ ਮੌਕਾ ਹੋਵੇਗਾ ਅਤੇ ਇਲਾਕੇ ਦੇ ਭਵਿੱਖ ਲਈ ਨਵੇਂ ਰਸਤੇ ਖੋਲ੍ਹੇਗਾ। ਪਿਛਲੇ ਕਈ ਦਿਨਾਂ ਤੋਂ ਐਨ.ਐਫ.ਐਲ. ਗਰਾਊਂਡ ਵਿੱਚ ਮੈਗਾ ਵਿਕਾਸ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ, ਜਿਨ੍ਹਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ।
