Saturday, May 23Punjabi People

ਹਰਭਜਨ ਸਿੰਘ ਈ.ਟੀ.ਓ. ਨੇ ਸੂਬੇ ਵਿੱਚ ਸੜਕੀ ਢਾਂਚੇ ਦੀ ਮਜ਼ਬੂਤੀ ਲਈ ਲੋਕ ਨਿਰਮਾਣ ਵਿਭਾਗ ਦੇ ਕੰਮਾਂ ਦੀ ਸਮੀਖਿਆ ਕੀਤੀ

ਚੰਡੀਗੜ੍ਹ, 24 ਜਨਵਰੀ 2026: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੱਜ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਅਧੀਨ ਸੂਬੇ ਭਰ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਪੜਾਅਵਾਰ ਅਤੇ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਲਿੰਕ ਸੜਕਾਂ ਅਤੇ ਪਲਾਨ ਰੋਡਜ਼ ਨਾਲ ਸਬੰਧਤ ਕੰਮਾਂ ਦੀ ਮੌਜੂਦਾ ਸਥਿਤੀ ’ਤੇ ਗੰਭੀਰ ਚਰਚਾ ਕੀਤੀ ਅਤੇ ਅਧਿਕਾਰੀਆਂ ਤੋਂ ਪ੍ਰਗਤੀ ਰਿਪੋਰਟ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਦੇਸ਼ ਦਾ ਸਭ ਤੋਂ ਉਤਮ ਅਤੇ ਮਜ਼ਬੂਤ ਸੜਕੀ ਨੈੱਟਵਰਕ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਦੀ ਦੂਰਅੰਦੈਸ਼ ਅਗਵਾਈ ਹੇਠ ਸੂਬਾ ਸਰਕਾਰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੀ ਹੈ, ਤਾਂ ਜੋ ਸੜਕੀ ਆਵਾਜਾਈ ਨੂੰ ਨਿਰਵਿਘਨ ਬਣਾਉਂਦੇ ਹੋਏ ਆਰਥਿਕ ਵਿਕਾਸ ਨੂੰ ਹੋਰ ਗਤੀ ਮਿਲ ਸਕੇ ਅਤੇ ਆਮ ਲੋਕਾਂ ਦੇ ਜੀਵਨ-ਮਿਆਰ ਵਿੱਚ ਸੁਧਾਰ ਲਿਆ ਜਾ ਸਕੇ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਸਾਰੇ ਨਾਨ-ਬਿਟੂਮਿਨਸ ਕਾਰਜ 10 ਫਰਵਰੀ 2026 ਤੱਕ ਹਰ ਪੱਖੋਂ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਨਾਲ ਹੀ ਕਿਹਾ ਕਿ ਜਿਵੇਂ ਹੀ ਮੌਸਮ ਅਨੁਕੂਲ ਹੁੰਦਾ ਹੈ, ਬਿਟੂਮਿਨਸ ਨਾਲ ਸਬੰਧਤ ਸਾਰੇ ਕੰਮ ਵੀ ਬਿਨਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਪੂਰੇ ਕੀਤੇ ਜਾਣ।

ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਵਿੱਤੀ ਅਤੇ ਭੌਤਿਕ (ਫਿਜ਼ੀਕਲ) ਟੀਚਿਆਂ ਦੀ ਪ੍ਰਾਪਤੀ ਲਈ ਠੋਸ ਅਤੇ ਪ੍ਰਭਾਵਸ਼ਾਲੀ ਯਤਨ ਕੀਤੇ ਜਾਣ। ਇਸਦੇ ਨਾਲ ਹੀ ਕੈਬਨਿਟ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਠੇਕੇਦਾਰਾਂ ਵੱਲੋਂ ਆਪਣੇ ਬਿੱਲ 20 ਮਾਰਚ 2026 ਤੱਕ ਲਾਜ਼ਮੀ ਤੌਰ ’ਤੇ ਪੇਸ਼ ਕੀਤੇ ਜਾਣ, ਤਾਂ ਜੋ ਬਿੱਲਾਂ ਦੇ ਨਿਬੇੜੇ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਜਾਂ ਅਸੁਵਿਧਾ ਨਾ ਆਵੇ।

ਇਸ ਸਮੀਖਿਆ ਮੀਟਿੰਗ ਵਿੱਚ ਇੰਜੀਨੀਅਰ-ਇਨ-ਚੀਫ਼ ਸ. ਗਗਨਦੀਪ ਸਿੰਘ, ਚੀਫ਼ ਇੰਜੀਨੀਅਰ ਸ. ਅਨਿਲ ਗੁਪਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

Leave a Reply

Your email address will not be published. Required fields are marked *