Saturday, May 23Punjabi People

PSEB ਦੀ ਭਾਰੀ ਲਾਪਰਵਾਹੀ: 8ਵੀਂ ਜਮਾਤ ਦੇ ਸਾਇੰਸ ਦੇ ਪ੍ਰਸ਼ਨ ਪੱਤਰ ਵਿੱਚ ਪੰਜਾਬੀ ਅਨੁਵਾਦ ਸ਼ਾਮਲ ਨਹੀਂ ਕੀਤਾ ਗਿਆ

ਫਿਰੋਜ਼ਪੁਰ/ ਚੰਡੀਗੜ੍ਹ, 20 ਫਰਬਰੀ 2026: Punjab School Education Board (PSEB) ਵੱਲੋਂ ਕਰਵਾਈ ਗਈ 8ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਸ਼ੁੱਕਰਵਾਰ ਨੂੰ ਇੱਕ ਗੰਭੀਰ ਪ੍ਰਸ਼ਾਸਕੀ ਗਲਤੀ ਸਾਹਮਣੇ ਆਈ। 20 ਫਰਵਰੀ 2026 ਨੂੰ ਹੋਏ ਵਿਗਿਆਨ ਦੇ ਪੇਪਰ ਵਿੱਚ ਪ੍ਰਸ਼ਨ ਨੰਬਰ 28, 29 ਅਤੇ 30 ਦੇ ਪੰਜਾਬੀ ਮਾਧਿਅਮ ਅਨੁਵਾਦ ਛਾਪੇ ਹੀ ਨਹੀਂ ਗਏ। ਇਸ ਕਾਰਨ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਕਾਫ਼ੀ ਦਿਕ਼ਕਤਾਂ ਦਾ ਸਾਹਮਣਾ ਕਰਨਾ ਪਿਆ।

ਜਿਵੇਂ ਹੀ ਇਹ ਗਲਤੀ ਪ੍ਰੀਖਿਆ ਕੇਂਦਰਾਂ ‘ਤੇ ਸਾਹਮਣੇ ਆਈ, ਉੱਥੇ ਮੌਜੂਦ ਵਿਦਿਆਰਥੀਆਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ। ਕਈ ਵਿਦਿਆਰਥੀ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਵਿੱਚ ਪ੍ਰਸ਼ਨਾਂ ਨੂੰ ਸਮਝਣ ਵਿੱਚ ਅਸਮਰੱਥ ਸਨ, ਜਿਸ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋਇਆ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਅਸਰ ਪੈਣ ਦੀ ਸੰਭਾਵਨਾ ਬਣੀ।

ਇਸ ਸਥਿਤੀ ਨੂੰ ਦੇਖਦੇ ਹੋਏ ਬੋਰਡ ਦੀ ਅਕਾਦਮਿਕ ਸ਼ਾਖਾ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰੀਖਿਆ ਕੇਂਦਰਾਂ ‘ਤੇ ਤਾਇਨਾਤ ਨਿਗਰਾਨੀ ਸਟਾਫ ਨੂੰ ਹੁਕਮ ਜਾਰੀ ਕੀਤੇ ਕਿ ਉਹ ਅੰਗਰੇਜ਼ੀ ਜਾਂ ਹਿੰਦੀ ਵਿੱਚ ਛਪੇ ਤਿੰਨ ਪ੍ਰਸ਼ਨਾਂ ਦਾ ਫੌਰੀ ਤੌਰ ‘ਤੇ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਦਿਆਰਥੀਆਂ ਨੂੰ ਦੱਸਣ। ਆਦੇਸ਼ਾਂ ਦੀ ਪਾਲਣਾ ਕਰਦਿਆਂ ਕਈ ਕੇਂਦਰਾਂ ਦੇ ਅਧਿਆਪਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਪ੍ਰਸ਼ਨਾਂ ਦਾ ਤੁਰੰਤ ਅਨੁਵਾਦ ਕਰਕੇ ਵਿਦਿਆਰਥੀਆਂ ਤੱਕ ਪਹੁੰਚਾਇਆ, ਤਾਂ ਜੋ ਪ੍ਰੀਖਿਆ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਰਹੇ।

ਭਾਵੇਂ ਇਸ ਤੁਰੰਤ ਕਦਮ ਨਾਲ ਸਥਿਤੀ ਨੂੰ ਕਿਸੇ ਹੱਦ ਤੱਕ ਸੰਭਾਲ ਲਿਆ ਗਿਆ, ਪਰ ਇਸ ਘਟਨਾ ਨੇ ਬੋਰਡ ਦੇ ਪ੍ਰਬੰਧਕੀ ਤਰੀਕਿਆਂ ਅਤੇ ਜਾਂਚ ਪ੍ਰਕਿਰਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਪਿਆਂ ਅਤੇ ਅਧਿਆਪਕ ਵਰਗ ਨੇ ਇਸਨੂੰ ਲਾਪਰਵਾਹੀ ਕਰਾਰ ਦਿੰਦਿਆਂ ਕਿਹਾ ਹੈ ਕਿ ਬੋਰਡ ਪ੍ਰੀਖਿਆਵਾਂ ਜਿਹੇ ਸੰਵੇਦਨਸ਼ੀਲ ਅਤੇ ਭਵਿੱਖ-ਨਿਰਧਾਰਕ ਮਾਮਲੇ ਵਿੱਚ ਇਸ ਤਰ੍ਹਾਂ ਦੀ ਗਲਤੀ ਅਣਮਾਫ਼ੀਯੋਗ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਭੁੱਲਾਂ ਨਾਲ ਵਿਦਿਆਰਥੀਆਂ ਦੇ ਮਨੋਬਲ ਅਤੇ ਨਤੀਜਿਆਂ ‘ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।

ਮਾਪਿਆਂ ਨੇ ਮੰਗ ਕੀਤੀ ਹੈ ਕਿ ਬੋਰਡ ਇਸ ਮਾਮਲੇ ਦੀ ਪੂਰੀ ਜਾਂਚ ਕਰੇ ਅਤੇ ਜਿੰਮੇਵਾਰ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਨਾਲ ਹੀ, ਭਵਿੱਖ ਵਿੱਚ ਪ੍ਰਸ਼ਨ ਪੱਤਰਾਂ ਦੀ ਛਪਾਈ ਅਤੇ ਜਾਂਚ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ, ਤਾਂ ਜੋ ਇਸ ਤਰ੍ਹਾਂ ਦੀਆਂ ਗਲਤੀਆਂ ਦੁਬਾਰਾ ਨਾ ਹੋਣ।ਫਿਲਹਾਲ, ਬੋਰਡ ਵੱਲੋਂ ਮਾਮਲੇ ਦੀ ਜਾਂਚ ਕਰਨ ਅਤੇ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ, ਪਰ ਇਹ ਘਟਨਾ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

Leave a Reply

Your email address will not be published. Required fields are marked *