
ਚੰਡੀਗੜ੍ਹ, 4 ਮਾਰਚ 2026 : ਅੱਜ ਦੇਸ਼ ਭਰ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੁਅਵਸਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੂਹ ਪੰਜਾਬੀਆਂ ਨੂੰ ਹੋਲੀ ਅਤੇ ਹੋਲਾ-ਮਹੱਲਾ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਜਾਰੀ ਕਰਦੇ ਹੋਏ ਲਿਖਿਆ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਇਹ ਤਿਉਹਾਰ ਹਰ ਕਿਸੇ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਨਵੇਂ ਰੰਗ ਭਰੇ। ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਦੇ ਵਾਸੀਆਂ ਨੂੰ ਰੰਗਾਂ ਦੇ ਇਸ ਪਵਿੱਤਰ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਦਿਨ ਸਭ ਲਈ ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ।
ਮੁੱਖ ਮੰਤਰੀ ਮਾਨ ਨੇ ਇਸ ਮੌਕੇ ‘ਤੇ ਹੋਲਾ-ਮਹੱਲਾ ਦੀਆਂ ਵੀ ਵਧਾਈਆਂ ਪ੍ਰਗਟ ਕੀਤੀਆਂ। ਉਨ੍ਹਾਂ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕਰਦਿਆਂ ਕਿਹਾ ਕਿ ਖਾਲਸਾਈ ਸ਼ਾਨ, ਜਾਹੋ-ਜਲਾਲ ਅਤੇ ਸੂਰਵੀਰਤਾ ਦੇ ਪ੍ਰਤੀਕ ਹੋਲਾ-ਮਹੱਲਾ ਦੀਆਂ ਸਮੂਹ ਸੰਗਤਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਨਿਆਰੀ ਪਛਾਣ ਸਾਨੂੰ ਹਮੇਸ਼ਾਂ ਅਨਿਆਂ ਦੇ ਵਿਰੁੱਧ ਡਟ ਕੇ ਖੜ੍ਹਨ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਇਸ ਚੜ੍ਹਦੀ ਕਲਾ ਦੇ ਮਹਾਨ ਪੁਰਬ ‘ਤੇ ਅਸੀਂ ਸੱਚ ਅਤੇ ਹੱਕ ਦੇ ਰਸਤੇ ‘ਤੇ ਤੁਰਨ ਦਾ ਸੰਕਲਪ ਲਈਏ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਹੋਲੀ ਮਨਾਈ। ਉਨ੍ਹਾਂ ਕਿਹਾ ਕਿ ਇਹ ਹੋਲੀ ਆਮ ਆਦਮੀ ਪਾਰਟੀ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ‘ਆਪ’ ਦੇ ਨੇਤਾ ਬਿਨਾਂ ਕਿਸੇ ਦਾਗ ਦੇ ਬਾਹਰ ਆਏ ਹਨ।
ਹੋਲੀ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਬੇ ਦੇ 28 ਪੁਲਿਸ ਜ਼ਿਲ੍ਹਿਆਂ ਵਿੱਚ 454 ਥਾਣਿਆਂ ਅਤੇ ਚੌਕੀਆਂ ਦੇ ਇੰਚਾਰਜ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵਾਧੂ ਪੁਲਿਸ ਬਲ ਤੈਨਾਤ ਕਰਕੇ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਅਤੇ ਚੈਕਿੰਗ ਦੀ ਵਿਵਸਥਾ ਕੀਤੀ ਗਈ ਹੈ।
